ਸ਼੍ਰੋਮਣੀ ਕਮੇਟੀ ਦੇ ਫਾਰਗ ਮੁਲਾਜ਼ਮਾਂ ਨੂੰ ਨੌਕਰੀ ਬਹਾਲ ਹੋਣ ਦੀ ਬੱਝੀ ਆਸ

Thursday, Nov 29, 2018 - 10:45 AM (IST)

ਸ਼੍ਰੋਮਣੀ ਕਮੇਟੀ ਦੇ ਫਾਰਗ ਮੁਲਾਜ਼ਮਾਂ ਨੂੰ ਨੌਕਰੀ ਬਹਾਲ ਹੋਣ ਦੀ ਬੱਝੀ ਆਸ

ਅੰਮ੍ਰਿਤਸਰ (ਛੀਨਾ) : ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਦੇ ਬਾਹਰ ਆਪਣੀ ਨੌਕਰੀ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ 'ਤੇ ਬੈਠੇ ਫਾਰਗ ਮੁਲਾਜ਼ਮਾਂ ਨੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧੀਤ ਸਿੰਘ ਵਿਰਕ ਤੇ ਅੰਤ੍ਰਿੰਗ ਕਮੇਟੀ ਮੈਂਬਰਾਂ ਦੇ ਭਰੋਸੇ ਤੋਂ ਬਾਅਦ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਓਠੀਆਂ, ਰਣਜੀਤ ਸਿੰਘ ਖਾਲੜਾ ਤੇ ਜਗਦੀਪ ਸਿੰਘ ਨੇ ਦੱਸਿਆ ਕਿ 2 ਵਾਰ ਪਹਿਲਾਂ ਭਰੋਸੇ ਦਾ ਧੋਖਾ ਖਾਣ ਤੋਂ ਬਾਅਦ ਇਸ ਵਾਰ ਉਹ ਆਪਣਾ ਮਨ ਪੱਕਾ ਕਰ ਕੇ ਬੈਠੇ ਸਨ ਕਿ ਇਸ ਵਾਰ ਨੌਕਰੀ ਬਹਾਲ ਹੋਣ ਤੋਂ ਪਹਿਲਾਂ ਉਹ ਧਰਨਾ ਨਹੀਂ ਚੁੱਕਣਗੇ ਪਰ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ, ਭਾਈ ਮਨਜੀਤ ਸਿੰਘ ਤੇ ਸੰਤ ਗੁਰਮੀਤ ਸਿੰਘ ਤਰਲੋਕੇ ਵਾਲਾ (ਦੋਵੇਂ) ਮੈਂਬਰ ਅੰਤ੍ਰਿੰਗ ਕਮੇਟੀ ਅਤੇ ਮੈਂਬਰ ਭਗਵੰਤ ਸਿੰਘ ਸਿਆਲਕਾ ਵੱਲੋਂ ਸਾਨੂੰ ਦਸੰਬਰ ਮਹੀਨੇ 'ਚ ਨੌਕਰੀ 'ਤੇ ਬਹਾਲ ਕਰ ਦਿੱਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਅਸੀਂ ਇਹ ਧਰਨਾ ਸਮਾਪਤ ਕਰਨ ਦਾ ਫੈਸਲਾ ਲਿਆ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਰੇ ਭਰੋਸੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਦਿੱਤੇ ਸਨ ਪਰ ਇਸ ਵਾਰ ਸ. ਵਿਰਕ ਤੇ ਜ਼ਿੰਮੇਵਾਰ ਮੈਂਬਰਾਂ ਵੱਲੋਂ ਹਾਮੀ ਭਰਨ ਨਾਲ ਸਾਨੂੰ ਨੌਕਰੀ ਬਹਾਲ ਹੋਣ ਦੀ ਪੂਰੀ ਆਸ ਬੱਝ ਗਈ ਹੈ। ਇਸ ਸਬੰਧ 'ਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਫਾਰਗ ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਤੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲ ਨਾਲ ਗੱਲਬਾਤ ਕਰ ਕੇ ਹੀ ਨੌਕਰੀ 'ਤੇ ਬਹਾਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਾਰਗ ਮੁਲਾਜ਼ਮਾਂ ਵੱਲੋਂ ਮਾਣਯੋਗ ਹਾਈ ਕੋਰਟ 'ਚੋਂ ਕੇਸ ਵਾਪਸ ਲੈਣ ਉਪਰੰਤ ਉਨ੍ਹਾਂ ਨੂੰ ਨੌਕਰੀ 'ਤੇ ਬਹਾਲ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ।


author

Baljeet Kaur

Content Editor

Related News