ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ (ਤਸਵੀਰਾਂ)

Friday, Feb 08, 2019 - 09:35 AM (IST)

ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ (ਤਸਵੀਰਾਂ)

ਅੰਮ੍ਰਿਤਸਰ (ਛੀਨਾ, ਸੁਮਿਤ ਖੰਨਾ) : ਦੁਸਹਿਰੇ ਦੇ ਤਿਉਹਾਰ ਮੌਕੇ ਰੇਲ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਤੇ ਪੰਜਾਬ ਸਰਕਾਰ ਕੋਲੋਂ ਬਣਦੇ ਹੱਕ ਦਿਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਭਰਾਵਾਂ ਦੇ ਢਾਬੇ ਤੋਂ ਫੁਹਾਰਾ ਚੌਂਕ ਤੱਕ ਸ਼ਾਂਤਮਈ ਢੰਗ ਨਾਲ ਕੈਂਡਲ ਮਾਰਚ ਕੱਢਿਆ ਗਿਆ। ਜਿਸ ਵਿਚ ਵੱਡੀ ਗਿਣਤੀ 'ਚ ਪੀੜਤ ਪਰਿਵਾਰ ਵੀ ਸ਼ਾਮਲ ਹੋਏ। ਇਸ ਮੌਕੇ ਅਕਾਲੀ ਆਗੂਆਂ, ਵਰਕਰਾਂ ਤੇ ਪੀੜਤ ਪਰਿਵਾਰਾਂ ਵਲੋਂ ਹੱਥਾਂ 'ਚ ਫੜੀਆਂ ਹੋਈਆਂ ਤਖਤੀਆ 'ਤੇ 'ਗਰੀਬਾਂ ਦਾ ਕਾਤਲ ਸਿੱਧੂ ਜੋੜਾ' ਤੇ 'ਪੰਜਾਬ ਸਰਕਾਰ ਮੁਰਦਾਬਾਦ' ਦੇ ਨਾਅਰੇ ਲਿਖੇ ਹੋਏ ਸਨ। 
PunjabKesari
ਇਸ ਮੌਕੇ  ਸੰਬੋਧਨ ਕਰਦਿਆਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਰੇਲ ਹਾਦਸੇ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰਾਂ ਨੂੰ ਅਡਾਪਟ ਕਰਦਿਆਂ ਉਨ੍ਹਾਂ ਦਾ ਜ਼ਿੰਦਗੀ ਭਰ ਦਾ ਸਾਰਾ ਖਰਚ ਖੁਦ ਚੁੱਕਣ ਦੇ ਨਾਲ-ਨਾਲ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਸਮੇਤ ਹੋਰ ਅਣਗਿਣਤ ਸਹੂਲਤਾਂ ਪ੍ਰਦਾਨ ਕਰਨ ਦੇ ਵਾਅਦੇ ਕੀਤੇ ਸਨ, ਜਿਹੜੇ ਕਿ ਸਾਰੇ ਹੀ ਹਵਾਈ ਵਾਅਦੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਧੂ ਜੋੜੇ ਨੇ ਪੀੜਤਾਂ ਨੂੰ ਇਨਸਾਫ ਅਤੇ ਹੱਕ ਦਿਵਾਉਣ ਦੀ ਬਜਾਏ ਸਾਰਾ ਜੋਰ ਦੋਸ਼ੀਆਂ ਨੂੰ ਬਚਾਉਣ 'ਤੇ ਹੀ ਲਗਾ ਦਿੱਤਾ ਹੈ, ਜਿਸ ਕਾਰਨ ਹਾਦਸੇ ਦੇ ਪੀੜਤਾਂ 'ਚ ਸਿੱਧੂ ਜੋੜੇ ਖਿਲਾਫ ਭਾਰੀ ਰੋਸ ਹੈ। 
PunjabKesari
ਗਿੱਲ ਤੇ ਟਿੱਕਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਕ ਰੇਲ ਹਾਦਸੇ ਦੇ ਪੀੜਤਾਂ ਨੂੰ ਸਰਕਾਰੀ ਨੌਕਰੀਆਂ ਤੇ ਹੋਰ ਸਭ ਸਹੂਲਤਾਂ ਪ੍ਰਦਾਨ ਕਰ ਕੇ ਉਨ੍ਹਾਂ ਦੇ ਜ਼ਖਮਾਂ 'ਤੇ ਮੱਲਮ ਲਗਾਉਣ ਦਾ ਕਾਰਜ ਕਰੇ। ਉਨ੍ਹਾਂ ਕਿਹਾ ਕਿ ਰੇਲ ਹਾਦਸੇ ਦੀ ਜਾਂਚ ਕਰਨ ਵਾਲੀ ਸਿੱਟ ਵੱਲੋਂ ਸਿੱਧੂ ਜੋੜੇ ਦੇ ਖਾਸਮ ਖਾਸ ਮਿੱਠੂ ਮਦਾਨ ਸਮੇਤ ਜਿੰਨੇ ਵੀ ਵਿਅਕਤੀਆਂ ਨੂੰ ਦੋਸ਼ੀ ਸਾਬਤ ਕੀਤਾ ਗਿਆ ਹੈ। ਉਨ੍ਹਾਂ ਸਾਰਿਆਂ ਦੇ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਪੀੜਤਾਂ ਨੂੰ ਇਨਸਾਫ ਤੇ ਭਵਿੱਖ ਲਈ ਬਾਕੀਆਂ ਨੂੰ ਨਸੀਹਤ ਮਿਲ ਸਕੇ।

PunjabKesariਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੀੜਤ ਪਰਿਵਾਰਾਂ ਨਾਲ ਚਟਾਂਨ ਦੀ ਤਰ੍ਹਾਂ ਖੜਾ, ਜਿਸ ਵਲੋਂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਆਖੀਰ ਤੱਕ ਲੜਾਈ ਲੜੀ ਜਾਵੇਗੀ। ਇਸ ਮੌਕੇ ਪੀੜਤ ਪਰਿਵਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਹੁਣ ਤੱਕ 5 ਲੱਖ ਰੁਪਏ ਦਾ ਚੈਕ ਤੇ ਇਕ ਵਾਰ ਰਾਸ਼ਣ ਦੇਣ ਤੋਂ ਬਾਅਦ ਉਨ੍ਹਾਂ ਦੀ ਮੁੜ ਕੋਈ ਸਾਰ ਨਹੀਂ ਲਈ ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਦੇ ਇਸ ਬੇਰੁਖੀ ਵਾਲੇ ਰਵੱਈਆ 'ਤੇ ਭਾਰੀ ਗੁੱਸਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ ਪੀੜਤ ਪਰਿਵਾਰ ਹਨ ਜਿੰਨਾ 'ਚ ਕੋਈ ਵੀ ਕਮਾਉਣ ਵਾਲਾ ਨਾ ਹੋਣ ਕਾਰਨ ਉਨਾ ਲਈ ਆਪਣਾ ਡੰਗ ਟਪਾਉਣਾ ਔਖਾ ਹੋਇਆ ਪਿਆ ਹੈ ਤੇ ਦੂਜੇ ਪਾਸੇ ਸਰਕਾਰ ਵੀ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ।


author

Baljeet Kaur

Content Editor

Related News