ਅੰਮ੍ਰਿਤਸਰ ''ਚ ਅੰਗਰੇਜ਼ਾਂ ਦੇ ਜ਼ਮਾਨੇ ਦੀਆਂ ਪ੍ਰੀਟਿੰਗ ਮਸ਼ੀਨਾਂ
Friday, May 31, 2019 - 04:33 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਇਤਿਹਾਸਕ ਸ਼ਹਿਰ ਅੰਮ੍ਰਿਤਸਰ ਜੋ ਆਪਣੇ ਅੰਦਰ ਕਿੰਨੀਆਂ ਹੀ ਧਾਰਮਿਕ ਤੇ ਇਤਿਹਾਸਕ ਵਿਰਾਸਤਾਂ ਨੂੰ ਸਾਂਭੀ ਬੈਠਾ ਹੈ। ਗੱਲ ਹਰਿਮੰਦਰ ਸਾਹਿਬ ਦੀ ਹੋਵੇ ਜਾਂ ਫਿਰ ਜਲ੍ਹਿਆਂਵਾਲਾ ਬਾਗ ਦੀ ਹਰ ਧਰੋਹਰ ਦਾ ਆਪਣਾ ਮਹੱਤਵ ਤੇ ਇਤਿਹਾਸ ਹੈ। ਅੰਮ੍ਰਿਤਸਰ 'ਚ ਇਕ ਵਿਲੱਖਣ ਵਿਰਾਸਤ ਨਗਰ ਨਿਗਮ ਦੀ ਪ੍ਰਿਟਿੰਗ ਪ੍ਰੈੱਸ ਹੈ। ਜਿਥੇ ਆਜ਼ਾਦੀ ਤੋਂ ਪਹਿਲਾਂ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ।
ਅੰਗਰੇਜ਼ਾਂ ਦੇ ਵੇਲੇ ਦੀਆਂ ਇਹ ਮਸ਼ੀਨਾ ਅੱਜ ਵੀ ਚਾਲੂ ਹਾਲਤ 'ਚ ਹੈ ਤੇ ਬੜੇ ਵਧੀਆ ਤਰੀਕੇ ਨਾਲ ਕੰਮ ਵੀ ਕਰ ਰਹੀਆਂ ਹਨ। ਨਗਰ ਨਿਗਮ ਦੇ ਸਾਰੇ ਦਸਤਾਵੇਜ਼ਾਂ ਦੀ ਛਪਾਈ ਇਸੇ ਪ੍ਰਿੰਟਿੰਗ ਪ੍ਰੈੱਸ 'ਚ ਹੁੰਦੀ ਹੈ, ਜੋ ਕਾਫੀ ਸਸਤੀ ਪੈਂਦੀ ਹੈ। ਇਸ ਪ੍ਰਿੰਟਿੰਗ ਪ੍ਰੈੱਸ ਦੀ ਸਾਂਭ-ਸੰਭਾਲ ਕਰਨ ਵਾਲੇ ਬਲਦੇਵ ਸਿੰਘ ਨੇ ਦੱਸਿਆ ਕਿ 1927 'ਚ ਲੱਗੀਆਂ ਇਨ੍ਹਾਂ ਮਸ਼ੀਨਾਂ 'ਚ ਛਪਾਈ ਵਾਲਾ ਸਿੱਕਾ ਤੇ ਫਰੇਮ ਅੱਜ ਵੀ ਨਵੇਂ ਨਕੋਰ ਹਨ। ਬਲਦੇਵ ਸਿੰਘ ਨੇ ਦੱਸਿਆ ਕਿ ਇਹ ਮਸ਼ੀਨ ਕਿਵੇਂ ਕੰਮ ਕਰਦੀ ਹੈ ਤੇ ਨੁਕਸ ਪੈਣ 'ਤੇ ਕਿਵੇਂ ਮੁਲਾਜ਼ਮ ਖੁਦ ਹੀ ਇਸਨੂੰ ਠੀਕ ਕਰ ਲੈਂਦੇ ਹਨ।
ਮਹਾਰਾਜਾ ਰਣਜੀਤ ਸਿੰਘ ਦੀ ਇਮਾਰਤ 'ਚ ਚੱਲਦੀ ਇਹ ਪ੍ਰਿੰਟਿਗ ਪ੍ਰੈੱਸ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੀ ਜਾ ਰਹੀ ਹੈ, ਜਿਸਦੇ ਮੱਦੇਨਜ਼ਰ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਇਸਨੂੰ ਵਿਰਾਸਤੀ ਰੂਪ ਦਿਵਾਏ ਜਾਣ ਦੀ ਗੱਲ ਕਹੀ ਜਾ ਰਹੀ ਹੈ। ਫਿਲਹਾਲ ਅੰਗਰੇਜ਼ਾਂ ਦੇ ਜ਼ਮਾਨੇ ਦੀ ਇਹ ਪ੍ਰਿੰਟਿੰਗ ਪ੍ਰੈੱਸ ਇਕ ਮਿਸਾਲ ਬਣੀ ਹੋਈ ਹੈ, ਜੋ ਓਲਡ ਇਸ ਗੋਲਡ ਦੀ ਗੱਲ ਨੂੰ ਸਹੀ ਸਾਬਿਤ ਕਰਦੀ ਨਜ਼ਰ ਆਉਂਦੀ ਹੈ।