ਪਾਵਨ ਸਰੂਪਾਂ ਦੇ ਮਾਮਲੇ ''ਚ ਸੰਤ ਬਾਬਾ ਨਰਿੰਦਰ ਸਿੰਘ ਨੇ ਸਤਿਕਾਰ ਕਮੇਟੀਆਂ ਨੂੰ ਲਿਖਿਆ ਪੱਤਰ
Tuesday, Sep 22, 2020 - 09:34 AM (IST)
ਅੰਮ੍ਰਿਤਸਰ (ਅਨਜਾਣ): ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਨੇ ਸਤਿਕਾਰ ਕਮੇਟੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਘਟਨਾ ਨੇ ਸਮੁੱਚੇ ਸੰਸਾਰ ਦਾ ਮਨ ਅਕਹਿ ਵੈਰਾਗ, ਦਰਦ ਨਾਲ ਭਰ ਦਿੱਤਾ ਹੈ ਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿਵਾਉਣ ਨਾਲ ਸਿੱਖ ਸੰਗਤਾਂ ਦੇ ਮਨਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਮੇਰੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਮੋਰਚੇ 'ਤੇ ਬੈਠੀਆਂ ਸਤਿਕਾਰ ਕਮੇਟੀਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਆਪਣੇ ਮਕਸਦ 'ਚ ਕਾਮਯਾਬੀ ਬਖਸ਼ਣ। ਦੂਸਰੇ ਪਾਸੇ ਸਤਿਕਾਰ ਕਮੇਟੀਆਂ ਦਾ ਧਰਨਾ ਅੱਜ 8ਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ। ਧਰਨੇ 'ਤੇ ਬੈਠੇ ਬਲਬੀਰ ਸਿੰਘ ਮੁੱਛਲ, ਮਨਜੀਤ ਸਿੰਘ ਝਬਾਲ, ਦਿਲਬਾਗ ਸਿੰਘ ਤੇ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਨਾਲ-ਨਾਲ ਕਾਰਜਕਾਰਣੀ ਦੇ ਮੈਂਬਰਾਂ ਦੇ ਘਰਾਂ ਅੱਗੇ ਵੀ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਆਦਮੀ ਦੇ ਕਤਲ ਲਈ ਜਾਂ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੁੰਦੀ ਹੈ ਪਰ ਹੁਣ ਤਾਂ ਅਦਾਲਤ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤਿ ਦਾ ਦਰਜਾ ਦਿੱਤਾ ਹੈ ਤੇ ਇਹ ਇਕ ਪਾਵਨ ਸਰੂਪ ਨਹੀਂ ਬਲਕਿ 328 ਪਾਵਨ ਸਰੂਪਾਂ ਦੀ ਬੇਅਦਬੀ ਹੋਈ ਹੈ।ਇਸ ਲਈ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਗੁੰਡਾਗਰਦੀ: ਫਤਿਗ ਗੈਂਗ ਨੇ ਨੌਜਵਾਨ ਨੂੰ ਅਗਵਾ ਕਰਕੇ ਕੀਤੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵੀ ਖ਼ੁਦ ਕੀਤੀ ਵਾਇਰਲ
ਸਤਿਕਾਰ ਕਮੇਟੀਆਂ ਨਾਲ ਧਰਨੇ 'ਚ ਸ਼ਾਮਿਲ ਹੋਣ ਆਏ ਨਿਹੰਗ ਸਿੰਘ ਜਥੇਬੰਦੀ ਦੇ ਭਾਈ ਬਾਜ ਸਿੰਘ ਨੇ ਕਿਹਾ ਕਿ ਜੇਕਰ ਭਾਈ ਸੰਤੋਖ ਸਿੰਘ ਮਹਾਂਕਾਲ ਤੇ ਭਾਈ ਕਰਤਾਰ ਸਿੰਘ ਦੀ ਲੱਥੀ ਦਸਤਾਰ ਲਈ ਗੁਣਾਹਗਾਰ ਸ੍ਰੀ ਅਕਾਲ ਤਖ਼ਤ 'ਤੇ ਜਾ ਕੇ ਹਾਲੇ ਵੀ ਆਪਣੇ ਗੁਣਾਹਾਂ ਦੀ ਮੁਆਫ਼ੀ ਮੰਗ ਲੈਣਗੇ ਤਾਂ ਭਲਾ ਹੈ, ਨਹੀਂ ਤਾਂ ਕਲਗੀਧਰ ਦਸਮੇਸ਼ ਪਿਤਾ ਦੇ ਦੇਣਦਾਰ ਹੋਣਗੇ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜੇਕਰ ਸੰਗਤਾਂ ਨੇ ਅਕਾਲੀ ਫੂਲਾ ਸਿੰਘ ਐਵਾਰਡ ਦਿੱਤਾ ਹੈ ਤਾਂ ਕੰਮ ਵੀ ਅਕਾਲੀ ਫੂਲਾ ਸਿੰਘ ਵਰਗੇ ਕਰਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ
ਮਹਾਰਾਜਾ ਰਣਜੀਤ ਸਿੰਘ ਨੇ ਦਾਹੜੀ ਰੰਗੀ ਸੀ ਤਾਂ ਉਸ ਸਮੇਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਨੂੰ ਕੋਰੜੇ ਮਾਰਨ ਦੀ ਸਜ਼ਾ ਲਗਾਈ ਸੀ। ਇਸ ਲਈ ਅਕਾਲੀ ਫੂਲਾ ਸਿੰਘ ਦਾ ਐਵਾਰਡ ਹਾਸਿਲ ਕਰਨ ਵਾਲਾ ਜਥੇਦਾਰ ਵੀ ਅਕਾਲੀ ਫੂਲਾ ਸਿੰਘ ਬਣ ਕੇ ਦਿਖਾਵੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੀ ਦਸਤਾਰ ਕਲਗੀਧਰ ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਦਾ ਨਿਸ਼ਾਨ ਹੈ ਤੇ ਇਹ ਬਾਬਾ ਜ਼ੋਰਾਵਰ ਸਿੰਘ ਦੇ ਨਿਸ਼ਾਨ ਦੀ ਤੇ ਸ਼ਸਤਰਾਂ ਦੀ ਬੇਅਦਬੀ ਹੋਈ ਹੈ। ਨਿਹੰਗ ਸਿੰਘ ਮਹਾਂਕਾਲ ਬਹੁਤ ਜਲਦ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆ ਕੇ ਆਪਣੀ ਦਸਤਾਰ ਦੀ ਹੋਈ ਬੇਅਦਬੀ ਲਈ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਗਏ ਸਨ ਤੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਸਵੇਰ ਸਮੇਂ ਤੁਹਾਨੂੰ ਸ਼ਸਤਰ ਵਾਪਸ ਕਰ ਦਿੱਤੇ ਜਾਣਗੇ ਪਰ ਸਾਰਾ ਦਿਨ ਗੁਜ਼ਰਨ ਦੇ ਬਾਅਦ ਕਿਸੇ ਨੇ ਸ਼ਸਤਰ ਨਹੀਂ ਦਿੱਤੇ। ਸ਼੍ਰੋਮਣੀ ਕਮੇਟੀ ਧਰਨੇ 'ਚ ਬੈਠੀਆਂ ਸੰਗਤਾਂ ਸਾਹਮਣੇ ਸ਼ਸਤਰ ਵਾਪਸ ਕਰੇ ਤੇ ਮੁਆਫ਼ੀ ਵੀ ਮੰਗੇ।
ਇਹ ਵੀ ਪੜ੍ਹੋ : ਅੰਪਾਇਰ ਦੇ ਗਲਤ ਫ਼ੈਸਲੇ ’ਤੇ ਭੜਕੀ ਪ੍ਰੀਟੀ ਜ਼ਿੰਟਾ, ਦਿੱਤਾ ਵੱਡਾ ਬਿਆਨ