ਪ੍ਰਕਾਸ਼ ਪੁਰਬ ਸਮਾਗਮਾਂ ਲਈ ਭਾਈ ਲੌਂਗੋਵਾਲ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਸੱਦਾ

Sunday, Sep 29, 2019 - 09:48 AM (IST)

ਪ੍ਰਕਾਸ਼ ਪੁਰਬ ਸਮਾਗਮਾਂ ਲਈ ਭਾਈ ਲੌਂਗੋਵਾਲ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਸੱਦਾ

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਭਾਈ ਲੌਂਗੋਵਾਲ ਜੋ ਨੇਪਾਲ 'ਚ ਭਾਰਤੀ ਦੂਤਾਵਾਸ ਵਲੋਂ ਕਾਠਮੰਡੂ 'ਚ ਰੱਖੇ ਇਕ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਸਨ, ਨੇ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਚਰਨਜੀਤ ਸਿੰਘ ਅਟਵਾਲ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਭਾਈ ਗੁਰਚਰਨ ਸਿੰਘ ਗਰੇਵਾਲ, ਸੁਖਦੇਵ ਸਿੰਘ ਭੂਰਾ ਕੋਹਨਾ ਤੇ ਦਰਸ਼ਨ ਸਿੰਘ ਵੀ ਸਨ। ਇਸ ਮੁਲਾਕਾਤ ਦੌਰਾਨ ਭਾਈ ਲੌਂਗੋਵਾਲ ਨੇ ਨੇਪਾਲ ਵੱਸਦੇ ਸਿੱਖਾਂ ਦੇ ਧਾਰਮਕ ਮਸਲਿਆਂ ਬਾਰੇ ਵੀ ਕੇ. ਪੀ. ਸ਼ਰਮਾ ਓਲੀ ਨਾਲ ਵਿਚਾਰ-ਵਟਾਂਦਰਾ ਕੀਤਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਅਨੁਸਾਰ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਜਿਥੇ ਪ੍ਰਕਾਸ਼ ਪੁਰਬ ਸਮਾਗਮ ਮੌਕੇ 12 ਨਵੰਬਰ ਦੇ ਸਮਾਗਮ 'ਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ, ਉਥੇ ਹੀ ਸਿੱਖਾਂ ਦੇ ਨੇਪਾਲ ਨਾਲ ਬਿਹਤਰ ਰਿਸ਼ਤਿਆਂ ਨੂੰ ਵੀ ਸਲਾਹਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਹਰ ਮੁਸੀਬਤ ਸਮੇਂ ਮਨੁੱਖਤਾ ਦੀ ਸੇਵਾ ਕਰਨ 'ਚ ਮੋਹਰੀ ਰਹਿੰਦੇ ਹਨ ਅਤੇ ਇਹ ਅਮੀਰੀ ਇਨ੍ਹਾਂ ਨੂੰ ਵਿਰਸੇ 'ਚੋਂ ਮਿਲੀ ਹੋਈ ਹੈ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮੌਕੇ ਨੇਪਾਲ 'ਚ ਭਾਰਤੀ ਅੰਬੈਸਡਰ ਮਨਜੀਵ ਸਿੰਘ ਪੁਰੀ ਸਮੇਤ ਸਥਾਨਕ ਸਿੱਖ ਆਗੂ ਵੀ ਮੌਜੂਦ ਰਹੇ।


author

Baljeet Kaur

Content Editor

Related News