15 ਸਾਲ ਪੁਰਾਣਾ ਪ੍ਰੋਜੈਕਟ ਨਹੀਂ ਹੋਇਆ ਪੂਰਾ ਤਾਂ ਦਿੱਲੀ ਪਹੁੰਚੇ ਸਿੱਧੂ
Thursday, Aug 22, 2019 - 02:31 PM (IST)
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਵਿਵਾਦ ਤੋਂ ਬਾਅਦ ਮੰਤਰੀ ਪਦ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰੋਜੈਕਟਾਂ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਬਣਾਏ ਜਾਣ ਵਾਲੇ ਰੇਲਵੇ ਪੁਲਾਂ ਨੂੰ ਲੈ ਕੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਤੇ ਹਲਕੀ ਪੂਰਬੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਦਿੱਲੀ ਪਹੁੰਚੇ, ਜਿਨ੍ਹਾਂ ਨੇ ਨਾਰਦਰਨ ਰੇਲਵੇ ਦੇ ਜਨਰਲ ਮੈਨੇਜਰ ਟੀ. ਪੀ. ਸਿੰਘ ਨਾਲ ਬੜੌਦਾ ਹਾਊਸ ਵਿਖੇ ਮੁਲਾਕਾਤ ਕਰਦਿਆਂ ਰੇਲਵੇ ਪੁਲਾਂ ਦਾ ਕੰਮ ਨੂੰ ਛੇਤੀ ਨੇਪਰੇ ਚਾੜ੍ਹਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਦੀਆਂ ਸਹੂਲਤਾਂ ਨੂੰ ਧਿਆਨ 'ਚ ਰੱਖਦਿਆਂ ਵੱਲਾ ਤੇ ਜੌੜਾ ਫਾਟਕ ਸਮੇਤ ਹੋਰ ਬਣਾਏ ਜਾਣ ਵਾਲੇ ਪੁਲਾਂ ਦੇ ਕੰਮਾਂ 'ਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਕਦਮ ਉਠਾਏ ਜਾਣ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੇਂਦਰੀ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਵੀ ਰੇਲਵੇ ਪੁਲਾਂ ਦੇ ਨਿਰਮਾਣ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਹਲਕਾ ਪੂਰਬੀ 'ਚ ਆਉਂਦੇ ਜੌੜਾ ਫਾਟਕ ਤੇ ਰੇਲਵੇ ਪੁਲ ਬਣਾਉਣ ਦੇ ਕੰਮਾਂ ਨੂੰ ਛੇਤੀ ਸ਼ੁਰੂ ਕਰਵਾਇਆ ਜਾਵੇ, ਉਥੇ ਰੋਜ਼ਾਨਾ ਦਰਜਨਾਂ ਅਬਾਦੀਆਂ ਦੇ ਲੱਖਾਂ ਲੋਕਾਂ ਦਾ ਅਪ-ਡਾਊਨ ਹੈ। ਦਰਜਨਾਂ ਟਰੇਨਾਂ ਦੇ ਆਉਣ-ਜਾਣ ਕਰ ਕੇ ਜੌੜਾ ਫਾਟਕ ਕਾਫੀ ਡਾਊਨ ਰਹਿੰਦਾ ਹੈ, ਜਿਸ ਕਰ ਕੇ ਅਕਸਰ ਆਵਾਜਾਈ ਵੀ ਜਾਮ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇੰਪਰੂਵਮੈਂਟ ਟਰੱਸਟ ਨੂੰ ਪਿਛਲੇ ਸਮੇਂ ਦੌਰਾਨ ਫੰਡ ਪਹਿਲਾਂ ਹੀ ਅਲਾਟ ਕਰਵਾ ਦਿੱਤੇ ਗਏ ਹਨ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਸਾਲ 2004 'ਚ ਸਾਂਸਦ ਚੁਣੇ ਜਾਣ ਤੋਂ ਬਾਅਦ ਅੰਮ੍ਰਿਤਸਰ ਸਟੇਸ਼ਨ ਦੇ ਨਾਲ ਜੁੜੇ ਪੰਜ ਖਾਸ ਰੇਲਵੇ ਫਾਟਕਾਂ ਦੇ ਕਾਰਨ ਲੋਕਾਂ ਨੂੰ ਝੱਲਣੀ ਪੈ ਰਹੀ ਪਰੇਸ਼ਾਨੀ ਤੋਂ ਮੁਕਤੀ ਦਿਵਾਉਣ ਲਈ ਉਥੇ ਆਰ.ਓ.ਬੀ. ਦਾ ਨਿਰਮਾਣ ਕਰਵਾਉਣ ਦਾ ਭਰੋਸਾ ਦਿੱਤਾ ਸੀ। ਸਿੱਧੂ 10 ਸਾਲ ਸਾਂਸਦ ਰਹੇ। ਆਪਣੇ ਇਸ ਵਾਅਦੇ ਨੂੰ ਪੂਰਾ ਕਰਨ 'ਚ ਅਸਮਰਥ ਰਹੇ। ਜਦੋਂ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਮੰਤਰੀ ਬਣੇ ਤਾਂ 2 ਸਾਲ ਬੀਤ ਜਾਣ ਦੇ ਬਾਅਦ ਲੋਕ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਤਤਕਾਲੀਨ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਮਿਲ ਕੇ ਪੰਜ ਆਰ.ਓ.ਬੀ. ਦੇ ਨਿਰਮਾਣ ਦਾ ਪ੍ਰਸਤਾਵ ਰੱਖਿਆ ਸੀ। ਪਿਯੂਸ਼ ਗੋਇਲ ਨੇ ਸਿੱਧੂ ਨੂੰ ਇਨ੍ਹਾਂ ਪੰਜ ਆਰ.ਓ.ਬੀ. ਦੇ ਨਿਰਮਾਣ ਦਾ ਭਰੋਸਾ ਦਿੱਤਾ ਸੀ। ਇਸੇ ਭਰੋਸੇ ਨੂੰ ਲੈ ਕੇ ਸਿੱਧੂ ਨੇ ਟੀਪੀ ਸਿੰਘ ਨਾਲ ਮੁਲਾਕਾਤ ਕੀਤੀ ਹੈ।