ਅੰਮ੍ਰਿਤਸਰ: ਨਿਗਮ ਦੀ ਵੱਡੀ ਕਾਰਵਾਈ, 6 ਰੈਸਟੋਰੈਂਟ ਤੇ ਦੁਕਾਨਾਂ ''ਤੇ ਛਾਪੇਮਾਰੀ

11/26/2019 3:50:27 PM

ਅੰਮ੍ਰਿਤਸਰ (ਵੜੈਚ) : ਪੰਜਾਬ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਬੀਮਾਰੀਆਂ ਤੋਂ ਮੁਕਤ ਰੱਖਣ ਦੇ ਉਦੇਸ਼ਾਂ ਨਾਲ ਸ਼ੁਰੂ ਕੀਤੀ 'ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਨਗਰ ਨਿਗਮ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਧੀ ਦਰਜਨ ਰੈਸਟੋਰੈਂਟਾਂ ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਰੀਬ 100 ਕਿਲੋ ਦੂਸ਼ਿਤ ਮੀਟ 'ਤੇ ਫਰਨੈਲ ਪਾ ਕੇ ਨਸ਼ਟ ਕਰ ਦਿੱਤਾ ਗਿਆ।

PunjabKesari

ਮੇਅਰ ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਕੋਮਲ ਮਿੱਤਲ ਦੇ ਆਦੇਸ਼ਾਂ ਮੁਤਾਬਕ ਸਿਹਤ ਅਧਿਕਾਰੀ ਡਾ. ਕੰਵਰ ਅਜੇ ਸਿੰਘ ਦੀ ਨਿਗਰਾਨੀ ਹੇਠ ਮੀਟ ਮੱਛੀ ਦੇ 6 ਰੈਸਟੋਰੈਂਟਾਂ 'ਤੇ ਅਚਾਨਕ ਛਾਪੇਮਾਰੀ ਕਰਦਿਆਂ ਮਾੜੇ ਮਟੀਰੀਅਲ ਦੇ ਇਸਤੇਮਾਲ ਕਰਨ 'ਤੇ ਚਲਾਨ ਕੀਤੇ ਗਏ। ਵਿਭਾਗ ਵੱਲੋਂ ਮਜੀਠਾ ਰੋਡ ਸਥਿਤ ਚਾਰਮਿੰਗ ਚਿਕਨ, ਦੀ ਬ੍ਰਦਰਜ਼, ਟਰੀਲੀਅਮ ਕਰੀਬ ਮੱਖਣ ਫਿਸ਼, ਰਣਜੀਤ ਐਵੀਨਿਊ ਸਥਿਤ ਮਾਮਾ ਚਿਕਨ ਅਤੇ ਬੈਸਟ ਵੈਸਟਨ ਦੀਆਂ ਰਸੋਈਆਂ ਵਿਚ ਜਾ ਕੇ ਫਰਿੱਜ, ਕੈਂਡੀਆਂ ਚੈੱਕ ਕੀਤੀਆਂ ਗਈਆਂ। ਇਸ ਦੌਰਾਨ ਹਰੇਕ ਰੈਸਟੋਰੈਂਟ, ਦੁਕਾਨ 'ਚੋਂ ਨਾ ਖਾਣਯੋਗ ਸਾਮਾਨ ਹੀ ਮਿਲਿਆ। ਲਗਭਗ ਹਰੇਕ ਜਗ੍ਹਾ ਤੋਂ ਕਈ ਕਈ ਦਿਨ ਪੁਰਾਣਾ ਸਟੋਰ ਕੀਤਾ ਮੀਟ ਪਾਇਆ ਗਿਆ।

ਡਾ. ਕੰਵਰ ਅਜੇ ਸਿੰਘ ਨੇ ਦੱਸਿਆ ਕਿ ਜਿਸ ਮੀਟ ਤੇ ਮੱਛੀ ਨੂੰ ਮਹਿੰਗੇ ਰੇਟ ਪੈਸੇ ਖਰਚ ਕੇ ਖਾਧਾ ਜਾ ਰਿਹਾ ਸੀ। ਜੇਕਰ ਗਾਹਕ ਕੱਚੇ ਮਟੀਰੀਅਲ ਨੂੰ ਦੇਖ ਲੈਣ ਤਾਂ ਦੁਬਾਰਾ ਇਨ੍ਹਾਂ ਜਗ੍ਹਾ ਤੋਂ ਖਾਣ-ਪੀਣ ਦੀ ਤੌਬਾ ਕਰ ਦੇਣਗੇ। ਮੀਟ-ਮੱਛੀ ਬਹੁਤ ਖ਼ਰਾਬ ਪਾਏ ਗਏ। ਮੀਟ ਕਈ ਦਿਨ ਪੁਰਾਣਾ ਹੋਣ ਕਰ ਕੇ ਉਸ 'ਚੋਂ ਬਦਬੂ ਆ ਰਹੀ ਸੀ। ਸਾਮਾਨ ਨੂੰ ਫੰਗਸ (ਉੱਲੀ) ਲੱਗੀ ਨਜ਼ਰ ਆ ਰਹੀ ਸੀ। ਕੈਂਡੀਆਂ 'ਚ ਪਏ ਪਨੀਰ ਦੀ ਹਾਲਤ ਬਹੁਤ ਮਾੜੀ ਪਾਈ ਗਈ। ਕਈ ਰੈਸਟੋਰੈਂਟਾਂ 'ਚ ਮਾੜੀ ਹਾਲਤ 'ਚ ਖਾਣਾ ਦੇਖ ਕੇ ਗਾਹਕ ਸਾਮਾਨ ਛੱਡ ਕੇ ਚਲੇ ਗਏ। ਕਾਰਵਾਈ ਦੌਰਾਨ ਡਾ. ਦਰਸ਼ਨ ਕਸ਼ਅਪ, ਮਨਿੰਦਰ ਸਿੰਘ, ਬਾਬਾ ਵਿਜੇ ਗਿੱਲ, ਵਿਜੇ ਸ਼ਰਮਾ ਸਮੇਤ ਕਈ ਕਰਮਚਾਰੀ ਮੌਜੂਦ ਸਨ।

ਚਲਾਨਾਂ ਦੇ ਨੋਟਿਸ ਵੀ ਜਾਣਗੇ
ਸਿਹਤ ਵਿਭਾਗ ਵੱਲੋਂ ਸ਼ਾਮ 5 ਤੋਂ ਕਰੀਬ ਸਾਢੇ 7 ਵਜੇ ਤੱਕ ਛਾਪੇਮਾਰੀ ਦੌਰਾਨ ਮਾੜੇ ਮਟੀਰੀਅਲ ਦਾ ਇਸਤੇਮਾਲ ਕਰਨ 'ਤੇ ਚਲਾਨ ਵੀ ਕੱਟੇ ਗਏ। ਇਸ ਦਾ ਘੱਟੋ-ਘੱਟ 5 ਹਜ਼ਾਰ ਤੱਕ ਜੁਰਮਾਨਾ ਵੀ ਭੁਗਤਨਾ ਪਵੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਮਾੜਾ ਮੀਟ-ਮਾਸ ਦੇਣ ਕਰ ਕੇ ਸਿਹਤ ਵਿਭਾਗ ਵੱਲੋਂ ਮੰਗਲਵਾਰ ਭਾਵ ਅੱਜ ਨੋਟਿਸ ਵੀ ਜਾਰੀ ਕੀਤੇ ਜਾਣਗੇ। ਅੱਗੇ ਤੋਂ ਸਾਫ-ਸੁਥਰਾ, ਤਾਜ਼ਾ ਸਾਮਾਨ ਵਰਤਣ ਦੀਆਂ ਹਦਾਇਤਾਂ ਵੀ ਦਿੱਤੀਆਂ ਜਾਣਗੀਆਂ।

ਲਾਇਸੈਂਸ ਤੋਂ ਬਗੈਰ ਚੱਲ ਰਹੇ ਕਾਰੋਬਾਰ
ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਹੋਟਲਾਂ, ਰੈਸਟੋਰੈਂਟਾਂ ਦੇ ਦੁਕਾਨਦਾਰਾਂ ਨੂੰ ਨਗਰ ਨਿਗਮ ਤੋਂ ਲਾਇਸੈਂਸ ਲੈਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਵਿਭਾਗ ਨੂੰ ਸਲਾਨਾ ਫੀਸ ਜਮ੍ਹਾ ਕਰਵਾਉਣੀ ਜ਼ਰੂਰੀ ਹੈ ਪਰ ਜ਼ਿਆਦਾਤਰ ਮਾਲਕ ਲਾਇਸੈਂਸ ਤੋਂ ਬਗੈਰ ਹੀ ਕੰਮ ਕਰੀ ਜਾ ਰਹੇ ਹਨ। ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਕਈ ਮਾਲਕ ਲਾਇਸੈਂਸ ਦਿਖਾਉਣ 'ਚ ਅਸਮਰੱਥ ਰਹੇ।

ਸਿਹਤ ਵਿਭਾਗ ਦੇ ਡਾ. ਕੰਵਰ ਅਜੇ ਸਿੰਘ ਮੁਤਾਬਿਕ 6 ਦਰਜਨ ਜਗ੍ਹਾ ਤੋਂ ਪਾਏ ਗਏ ਖ਼ਰਾਬ ਮੀਟ, ਮੱਛੀ, ਸਬਜ਼ੀਆਂ ਨੂੰ ਫਰਨੈਲ ਪਾ ਕੇ ਨਸ਼ਟ ਕਰ ਦਿੱਤਾ ਗਿਆ ਤਾਂ ਕਿ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਦੁਬਾਰਾ ਉਨ੍ਹਾਂ ਚੀਜ਼ਾਂ ਨੂੰ ਵਰਤਿਆਂ ਨਾ ਜਾ ਸਕੇ। ਟੀਮ ਵੱਲੋਂ ਕਰੀਬ 100 ਕਿਲੋ ਮਾਸ ਨੂੰ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਬਿਨਾਂ ਢਕੀਆਂ, ਸਬਜ਼ੀਆਂ, ਆਟੇ ਦੇ ਪੇੜਿਆਂ ਸਮੇਤ ਹੋਰ ਸਾਮਾਨ ਨੂੰ ਵੀ ਨਸ਼ਟ ਕੀਤਾ ਗਿਆ।

ਨਾ ਸੁਧਰੇ ਤਾਂ ਸੀਲ ਹੋਣਗੀਆਂ ਦੁਕਾਨਦਾਰੀਆਂ
ਨਗਰ ਨਿਗਮ ਦੇ ਸਿਹਤ ਵਿਭਾਗ ਵੱਲੋਂ ਹੋਟਲਾਂ, ਰੈਸਟੋਰੈਂਟਾਂ ਤੇ ਦੁਕਾਨਦਾਰਾਂ ਨੂੰ ਪਹਿਲਾਂ ਵੀ ਸਾਫ-ਸੁਥਰਾ ਸਾਮਾਨ ਵੇਚਣ ਸਬੰਧੀ ਚਿਤਾਵਨੀ ਦਿੱਤੀ ਗਈ ਸੀ। ਚੈਕਿੰਗ ਦੌਰਾਨ ਚਲਾਨ ਕੱਟਣ ਉਪਰੰਤ ਨੋਟਿਸ ਵੀ ਭੇਜੇ ਜਾ ਰਹੇ ਹਨ। ਡਾ. ਕੰਵਰ ਅਜੇ ਸਿੰਘ ਨੇ ਕਿਹਾ ਕਿ ਅਗਰ ਫਿਰ ਵੀ ਮਾਲਕਾਂ ਨੇ ਸਾਫ-ਸੁਥਰਾ ਸਾਮਾਨ ਵੇਚਣ ਦੌਰਾਨ ਕੋਤਾਹੀ ਕੀਤੀ ਤਾਂ ਦੁਕਾਨਦਾਰੀਆਂ ਨੂੰ ਸੀਲ ਵੀ ਕੀਤਾ ਜਾਵੇਗਾ।


cherry

Content Editor

Related News