ਗੱਡੀਆਂ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼, ਸਰਗਣਾ ਸਮੇਤ 5 ਗ੍ਰਿਫਤਾਰ
Sunday, Feb 09, 2020 - 11:39 AM (IST)
ਅੰਮ੍ਰਿਤਸਰ (ਸੰਜੀਵ) : ਹਥਿਆਰਾਂ ਦੀ ਨੋਕ 'ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਗੱਡੀਆਂ ਅਤੇ ਹੋਰ ਵਾਹਨਾਂ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਥਾਣਾ ਸਦਰ ਦੀ ਪੁਲਸ ਨੇ ਸਰਗਣਾ ਸਮੇਤ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਇਨ੍ਹਾਂ ਦੇ 3 ਸਾਥੀ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਚੱਲ ਰਹੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚ ਸਰਗਣਾ ਹਰਪਾਲ ਸਿੰਘ ਹੀਰਾ ਉਰਫ ਜਾਲਾਦ ਨਿਵਾਸੀ ਸੁਲਤਾਨਵਿੰਡ, ਦਿਲਬਾਗ ਸਿੰਘ ਬਾਗਾ, ਮੰਗਤ ਸਿੰਘ ਗਿਰਧਾਰੀ, ਚਰਨਜੀਤ ਸਿੰਘ ਰਾਜੂ ਅਤੇ ਸ਼ਰਨਜੀਤ ਸਿੰਘ ਸ਼ਰਨ ਸ਼ਾਮਲ ਹਨ, ਜਦੋਂ ਕਿ ਇਨ੍ਹਾਂ ਦੇ 3 ਸਾਥੀ ਸੰਦੀਪ ਸਿੰਘ ਉਰਫ ਸੰਨੀ ਭੜਕੀਲਾ, ਸੰਦੀਪ ਸਿੰਘ ਗੱਟੂ ਅਤੇ ਸੁਨੀਲ ਮਸੀਹ ਉਰਫ ਬਿੱਲਾ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ 315 ਬੋਰ ਦੇ ਦੋ ਅਤੇ 32 ਬੋਰ ਦਾ ਇਕ ਦੇਸੀ ਕੱਟਾ, ਇਕ ਟਵੇਰਾ ਗੱਡੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਹ ਖੁਲਾਸਾ ਅੱਜ ਡੀ. ਸੀ. ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੇ ਦੌਰਾਨ ਕੀਤਾ। ਜਿਨ੍ਹਾਂ ਦੇ ਨਾਲ ਏ. ਡੀ. ਸੀ. ਪੀ. ਸੰਦੀਪ ਮਲਿਕ ਅਤੇ ਏ. ਸੀ. ਪੀ. ਸਰਬਜੀਤ ਸਿੰਘ ਬਾਜਵਾ ਵੀ ਸ਼ਾਮਲ ਸਨ। ਪੁਲਸ ਨੂੰ ਇਨਪੁਟ ਸੀ ਕਿ ਉਕਤ ਗਿਰੋਹ ਲੋਹਾਰਕਾ ਰੋਡ 'ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹਨ, ਜਿਸ 'ਤੇ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਆਰੰਭ ਕੀਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਕਿ ਉਕਤ ਗਿਰੋਹ ਦੇ ਮੈਂਬਰਾਂ 'ਤੇ ਪਹਿਲਾਂ ਤੋਂ ਕਈ ਅਪਰਾਧਿਕ ਮਾਮਲੇ ਦਰਜ ਹਨ। ਜਿਨ੍ਹਾਂ 'ਚ 3 ਜਨਵਰੀ 2020 ਨੂੰ ਹੱਤਿਆ ਕਰਨ ਦੀ ਕੋਸ਼ਿਸ਼, 30 ਜਨਵਰੀ ਨੂੰ ਲੁੱਟ ਦਾ ਮਾਮਲਾ, 31 ਜਨਵਰੀ ਨੂੰ ਲੁੱਟ ਦਾ ਮਾਮਲਾ, 5 ਫਰਵਰੀ ਨੂੰ ਹਥਿਆਰਾਂ ਦੀ ਨੋਕ 'ਤੇ ਲੁੱਟ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ 'ਚ ਉਕਤ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਪਾਈਆਂ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਗਿਰੋਹ ਦੇ ਮੈਂਬਰ ਹਥਿਆਰਾਂ ਦੀ ਨੋਕ 'ਤੇ ਹਾਈ-ਵੇ 'ਤੇ ਗੱਡੀਆਂ ਖੋਹਦੇ ਸਨ ਅਤੇ ਲੋਕਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਸਨ। ਸਾਰੇ ਮੁਲਜ਼ਮਾਂ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਜਾਂਚ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਜਿਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।