ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਪਾਰਦਰਸ਼ੀ : ਇੰਜ. ਸੁਖਮਿੰਦਰ ਸਿੰਘ

11/24/2019 10:44:01 AM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਵਿਸਥਾਰ ਸਬੰਧੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਨਕਾਰਦਿਆਂ ਇਮਾਰਤ ਦੇ ਕੰਮ ਦੀ ਅਲਾਟਮੈਂਟ ਅਤੇ ਹੋਏ ਖਰਚਿਆਂ ਦੀ ਜਾਣਕਾਰੀ ਨਸ਼ਰ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਇੰਜ. ਸੁਖਮਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਲੰਗਰ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਹੋ ਰਿਹਾ ਹੈ। ਇਸ ਕੰਮ ਦੀ ਅਲਾਟਮੈਂਟ ਅਖ਼ਬਾਰਾਂ 'ਚ ਇਸ਼ਤਿਹਾਰ ਦੇ ਕੇ ਈ-ਟੈਂਡਰਿੰਗ ਰਾਹੀਂ ਕੀਤੀ ਗਈ ਸੀ।

ਇੰਜ. ਸੁਖਮਿੰਦਰ ਸਿੰਘ ਨੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮਤਾ ਨੰਬਰ 90 ਮਿਤੀ 15 ਦਸੰਬਰ 2009 ਰਾਹੀਂ ਲੰਗਰ ਦੇ ਵਿਸਥਾਰ ਲਈ ਆਰਕੀਟੈਕਟ ਦੁਆਰਾ ਦਿੱਤੇ ਗਏ ਰਫ ਕਾਸਟ ਐਸਟੀਮੈਂਟ ਅਨੁਸਾਰ 14 ਕਰੋੜ ਰੁਪਏ ਦੀ ਪ੍ਰਵਾਨਗੀ ਹੋਈ ਸੀ। ਇਸ ਐਸਟੀਮੈਂਟ 'ਚ ਕਵਰਡ ਏਰੀਆ 73,562 ਸਕੇਅਰ ਫੁੱਟ ਹੀ ਲਿਆ ਗਿਆ ਸੀ। 2013 'ਚ ਪ੍ਰਾਜੈਕਟ ਮੈਨੇਜਮੈਂਟ ਕੰਪਨੀ ਵੱਲੋਂ ਸਿਵਲ ਦੇ ਕੰਮਾਂ ਦਾ ਵਿਸਥਾਰਤ ਐਸਟੀਮੇਟ ਤਿਆਰ ਕੀਤਾ ਗਿਆ, ਜਿਸ ਦੀ ਰਕਮ 17.78 ਕਰੋੜ ਬਣੀ। ਇਹ ਐਸਟੀਮੈਂਟ 1,12,000 ਸਕੇਅਰ ਫੁੱਟ ਏਰੀਏ ਅਨੁਸਾਰ ਸੀ। ਇਸ ਐਸਟੀਮੇਟ ਅਨੁਸਾਰ 7 ਮਾਰਚ 2013 ਨੂੰ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਈ-ਟੈਂਡਰਿੰਗ ਰਾਹੀਂ ਪ੍ਰੀ-ਕੁਆਲੀਫਿਕੇਸ਼ਨ ਕੀਤੀ ਗਈ, ਜਿਸ ਵਿਚ 3 ਫਰਮਾਂ ਯੋਗ ਪਾਈਆਂ ਗਈਆਂ, ਜਿਨ੍ਹਾਂ 'ਚੋਂ ਐੱਸ. ਐੱਸ. ਕੰਸਟਰੱਕਸ਼ਨ ਦਾ ਰੇਟ (17.78+7.75%) ਘੱਟ ਹੋਣ ਕਰ ਕੇ ਉਸ ਨੂੰ 30 ਸਤੰਬਰ 2013 ਨੂੰ ਕੰਮ ਦੇ ਦਿੱਤਾ ਗਿਆ।

ਇੰਜੀਨੀਅਰ ਨੇ ਦੱਸਿਆ ਕਿ ਲੰਗਰ ਘਰ ਦੇ ਵਿਸਥਾਰ ਲਈ ਦਿੱਤੇ ਗਏ ਟੈਂਡਰ ਰੇਟਾਂ ਅਨੁਸਾਰ ਅਤੇ ਚੱਲ ਰਹੀਆਂ ਹੋਰ ਸੇਵਾਵਾਂ (ਬਰਤਨ ਧੋਣ ਲਈ ਸ਼ੈੱਡ ਅਤੇ ਲੰਗਰ ਤਿਆਰ ਕਰਨ ਲਈ ਭੱਠੀਆਂ) ਬਹਾਲ ਰੱਖਣ ਲਈ ਇਨ੍ਹਾਂ ਨੂੰ ਖਰਚ 'ਚ ਸ਼ਾਮਿਲ ਕਰ ਕੇ ਕੰਮ ਦੀ ਲਾਗਤ 19.53 ਕਰੋੜ ਬਣੀ, ਜਿਸ ਵਿਚੋਂ ਹੁਣ ਤੱਕ 17.50 ਕਰੋੜ ਰੁਪਏ ਦੇ ਖਰਚਿਆਂ ਨਾਲ 95 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਮਾਰਤ 'ਚ ਬਿਜਲੀ, ਸੈਨੇਟਰੀ, ਮਕੈਨੀਕਲ ਆਦਿ ਲਈ ਵੱਖ-ਵੱਖ ਸਲਾਹਕਾਰ (ਐੱਚ. ਪੀ. ਜੀ. ਅਤੇ ਨਰਿੰਦਰ ਸਿੰਘ) ਮੁਫ਼ਤ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਕੰਮਾਂ 'ਤੇ ਹੋਣ ਵਾਲਾ ਖਰਚ ਸਿਵਲ ਦੇ ਕੰਮਾਂ ਤੋਂ ਵੱਖਰਾ ਹੈ।


Baljeet Kaur

Content Editor

Related News