ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਸੇਵਾ ਕੇਂਦਰਾਂ ''ਚ ਰਜਿਸਟ੍ਰੇਸ਼ਨ ਅੱਜ ਤੋਂ
Friday, Nov 01, 2019 - 12:08 PM (IST)

ਅੰਮ੍ਰਿਤਸਰ (ਨੀਰਜ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਪੰਜਾਬ ਸਰਕਾਰ ਪੂਰਾ ਸਹਿਯੋਗ ਕਰ ਰਹੀ ਹੈ। ਡੀ. ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਸੇਵਾ ਕੇਂਦਰਾਂ 'ਚ 1 ਨਵੰਬਰ ਤੋਂ ਰਜਿਸਟ੍ਰੇਸ਼ਨ ਫਾਰਮ ਭਰੇ ਜਾ ਸਕਦੇ ਹਨ, ਕੋਈ ਵੀ ਸ਼ਰਧਾਲੂ ਸੇਵਾ ਕੇਂਦਰ 'ਚ ਜਾ ਕੇ ਇਸ ਸਹੂਲਤ ਦਾ ਲਾਭ ਉਠਾ ਸਕਦਾ ਹੈ। ਇਸ ਲਈ 20 ਰੁਪਏ ਫੀਸ ਵਸੂਲੀ ਜਾਵੇਗੀ, ਜੇਕਰ ਕੋਈ ਸ਼ਰਧਾਲੂ ਖੁਦ ਰਜਿਸਟ੍ਰੇਸ਼ਨ ਫਾਰਮ ਭਰਦਾ ਹੈ ਜਾਂ ਬਾਹਰੋਂ ਫਾਰਮ ਭਰਵਾ ਕੇ ਲਿਆਂਦਾ ਹੈ ਤਾਂ ਉਸ ਤੋਂ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਰਜਿਸਟ੍ਰੇਸ਼ਨ ਕਰਵਾਉਣ ਲਈ ਸੇਵਾ ਕੇਂਦਰ 'ਚ ਬਿਨੇ ਪੱਤਰ ਅਤੇ ਪਾਸਪੋਰਟ ਸਾਈਜ਼ ਦੀ ਫੋਟੋ ਜਮ੍ਹਾ ਕਰਵਾਉਣੀ ਹੋਵੇਗੀ।
ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਸ਼ੁੱਕਰਵਾਰ ਨੂੰ ਟਵੀਟ ਕਰਦੇ ਹੋਏ ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦਿਆਂ ਪਾਸਪੋਰਟ ਤੋਂ ਛੋਟ ਦੇ ਦਿੱਤੀ ਹੈ। ਇਮਰਾਨ ਖਾਨ ਨੇ ਆਪਣੇ ਟਵੀਟ 'ਚ ਲਿਖਿਆ ਕਿ ਹੁਣ ਭਾਰਤ ਤੋਂ ਕਰਤਾਰਪੁਰ ਸਾਹਿਬ, ਪਾਕਿਸਤਾਨ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਸਪੋਰਟ ਲਿਆਉਣ ਦੀ ਲੋੜ ਨਹੀਂ ਅਤੇ ਸਿਰਫ ਉਨਾਂ ਨੂੰ ਵੈਧ ਪਛਾਣ ਪੱਤਰ ਦੀ ਲੋੜ ਪਵੇਗੀ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਾਉਣ ਦੀ ਵੀ ਲੋੜ ਨਹੀਂ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਲਾਂਘੇ ਦੇ ਉਦਘਾਟਨ 'ਤੇ 550ਵੇਂ ਪ੍ਰਕਾਸ਼ ਪੁਰਬ ਮੌਕੇ ਫੀਸ ਨਹੀਂ ਲੱਗੇਗੀ।