ਕੌਮਾਂਤਰੀ ਨਗਰ ਕੀਰਤਨ ਦਿੱਲੀ ਤੋਂ ਜੀਂਦ ਲਈ ਰਵਾਨਾ

10/04/2019 6:14:02 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਅੱਜ ਗੁਰਦੁਆਰਾ ਮੰਜਨੂ ਟਿੱਲਾ ਦਿੱਲੀ ਤੋਂ ਅਗਲੇ ਪੜਾਅ ਜੀਂਦ (ਹਰਿਆਣਾ) ਲਈ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਮੰਜਨੂ ਟਿੱਲਾ ਵਿਖੇ ਸਜਾਏ ਦੀਵਾਨ ਸਜਾਏ ਗਏ, ਜਿਸ 'ਚ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸੇ ਦੌਰਾਨ ਅੱਜ ਨਗਰ ਕੀਰਤਨ ਦਾ ਦਿੱਲੀ ਯੂਨੀਵਰਸਿਟੀ, ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼ਕਤੀ ਨਗਰ ਚੌਂਕ, ਗੁਰਦੁਆਰਾ ਨਾਨਕ ਪਿਆਓ ਸਾਹਿਬ, ਪੁਲਸ ਲਾਈਨ ਮਾਡਲ ਟਾਊਨ, ਜਹਾਂਗੀਰ ਪੁਰੀ, ਮੁਕਰਬਾ ਚੌਂਕ, ਰੋਹਿਣੀ, ਮਗੋਲਪੁਰੀ ਚੌਂਕ ਆਦਿ ਵਿਖੇ ਸੰਗਤ ਨੇ ਉਤਸ਼ਾਹ ਨਾਲ ਸਵਾਗਤ ਕੀਤਾ। ਨਗਰ ਕੀਰਤਨ ਨਾਲ ਜਤਿੰਦਰਪਾਲ ਸਿੰਘ ਗੋਲਡੀ, ਅਮਰਜੀਤ ਸਿੰਘ ਪਿੰਕੀ, ਹਰਵਿੰਦਰ ਸਿੰਘ ਕੇ.ਪੀ., ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ ਰੋਡੇ, ਜਸਬੀਰ ਸਿੰਘ ਆਦਿ ਮੌਜੂਦ ਸਨ।
PunjabKesari

ਇਸੇ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਦਫਤਰ ਵਿਖੇ ਨਗਰ ਕੀਰਤਨ ਦੇ ਪੰਜਾਬ ਵਿਚਲੇ ਰੂਟ ਸਬੰਧੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਇਕੱਤਰਤਾ ਮੌਕੇ ਨਗਰ ਕੀਰਤਨ ਦੀ ਸਮਾਪਤੀ ਸਮੇਂ ਕੀਤੇ ਜਾਣ ਵਾਲੇ ਸ਼ਾਨਦਾਰ ਸਵਾਗਤ ਦੀ ਰੂਪ-ਰੇਖਾ ਉਲੀਕੀ ਗਈ। ਸ਼੍ਰੋਮਣੀ ਕਮੇਟੀ ਮੈਂਬਰ ਤੇ ਨਗਰ ਕੀਰਤਨ ਦੇ ਪ੍ਰਬੰਧਕ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ 15 ਅਕਤੂਬਰ ਨੂੰ ਨਗਰ ਕੀਰਤਨ ਪੰਜਾਬ ਪ੍ਰਵੇਸ਼ ਕਰੇਗਾ, ਜਿਥੋਂ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 5 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸੰਪੂਰਨ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਹੁਣ ਤੱਕ 15 ਰਾਜਾਂ ਦੀ ਯਾਤਰਾ ਕਰ ਚੁੱਕਾ ਹੈ ਅਤੇ ਹਰ ਥਾਂ 'ਤੇ ਸੰਗਤ ਪਾਸੋਂ ਭਰਵਾਂ ਸਹਿਯੋਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ 5 ਨਵੰਬਰ ਨੂੰ ਸੰਪੂਰਨਾ ਮੌਕੇ ਅਲੌਕਿਕ ਦ੍ਰਿਸ਼ ਹੋਵੇਗਾ। ਇਸ ਸਮੇਂ ਹਵਾਈ ਜਹਾਜ਼ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਹਾਥੀ, ਘੋੜਿਆਂ ਨਾਲ ਸਿੱਖ ਰਵਾਇਤਾਂ ਅਨੁਸਾਰ ਨਗਰ ਕੀਰਤਨ ਦਾ ਜਲੌਅ ਦੇਖਣਯੋਗ ਹੋਵੇਗਾ। ਇਸ ਮੌਕੇ ਭਾਈ ਰਾਮ ਸਿੰਘ, ਡਾ. ਰੂਪ ਸਿੰਘ, ਗੁਰਿੰਦਰਪਾਲ ਸਿੰਘ ਗੋਰਾ, ਗੁਰਮੀਤ ਸਿੰਘ ਬੂਹ, ਹਰਭਜਨ ਸਿੰਘ ਮਸਾਣਾ, ਜਸਬੀਰ ਸਿੰਘ ਧਾਮ, ਮਨਜੀਤ ਸਿੰਘ ਬਾਠ, ਕੁਲਵਿੰਦਰ ਸਿੰਘ ਰਮਦਾਸ, ਹਰਜੀਤ ਸਿੰਘ ਲਾਲੂਘੁੰਮਣ, ਸਕੱਤਰ ਸਿੰਘ, ਹਰਜਿੰਦਰ ਸਿੰਘ ਕੈਰੋਂਵਾਲ ਆਦਿ ਮੌਜੂਦ ਸਨ।

 


Baljeet Kaur

Content Editor

Related News