ਭਾਰਤੀ ਮਛੇਰਿਆਂ ਦੀਆਂ 500 ਕਰੋੜ ਦੀਆਂ ਕਿਸ਼ਤੀਆਂ ਪਾਕਿ ਨੇ ਦੱਬੀਆਂ

04/10/2019 9:52:55 AM

ਅੰਮ੍ਰਿਤਸਰ (ਨੀਰਜ) : ਪਿੱਠ ਪਿੱਛੇ ਵਾਰ ਕਰਨ ਦੀ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਭਾਰਤੀ ਮਛੇਰਿਆਂ ਦੀ ਰਿਹਾਈ ਕਰ ਕੇ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਛਵੀ ਸਾਫ਼-ਸੁਥਰੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਥੋਂ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਮਛੇਰਿਆਂ ਨੇ ਇਕ ਵਾਰ ਫਿਰ ਪਾਕਿ ਦੀ ਪੋਲ ਖੋਲ੍ਹ ਦਿੱਤੀ ਹੈ। ਰੈੱਡ ਕਰਾਸ ਦਫਤਰ 'ਚ ਗੁਜਰਾਤ ਜਾਣ ਦਾ ਇੰਤਜ਼ਾਰ ਕਰ ਰਹੇ ਮਛੇਰਿਆਂ ਨੇ ਦੱਸਿਆ ਕਿ ਪਾਕਿਸਤਾਨ ਨੇ ਉਨ੍ਹਾਂ ਦੀਆਂ ਲਗਭਗ 500 ਕਰੋੜ ਰੁਪਏ ਦੀਆਂ ਕਿਸ਼ਤੀਆਂ ਦਬਾ ਰੱਖੀਆਂ ਹਨ, ਜਿਨ੍ਹਾਂ ਨੂੰ ਛੁਡਵਾਉਣ ਲਈ ਮੋਦੀ ਸਰਕਾਰ ਨੂੰ ਪਾਕਿਸਤਾਨ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਦਬਾਅ ਬਣਾਉਣਾ ਚਾਹੀਦਾ ਹੈ।

ਮਛੇਰੇ ਅਬਦੁਲ ਰਹਿਮਾਨ ਨੇ ਦੱਸਿਆ ਕਿ ਗੁਜਰਾਤ ਦੇ ਤਟਵਰਤੀ ਇਲਾਕਿਆਂ 'ਚ ਰਹਿਣ ਵਾਲੇ ਮਛੇਰਿਆਂ ਕੋਲ ਰੋਜ਼ੀ-ਰੋਟੀ ਦਾ ਸਾਧਨ ਕਿਸ਼ਤੀ ਹੀ ਹੁੰਦੀ ਹੈ, ਜਿਸ ਜ਼ਰੀਏ ਉਹ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। ਇਕ ਕਿਸ਼ਤੀ ਦੀ ਕੀਮਤ 30 ਲੱਖ ਤੋਂ 2 ਕਰੋੜ ਜਾਂ ਇਸ ਤੋਂ ਵੀ ਵੱਧ ਹੁੰਦੀ ਹੈ। ਪਾਕਿਸਤਾਨ ਕੋਲ ਇਸ ਸਮੇਂ ਇਕ ਹਜ਼ਾਰ ਦੇ ਕਰੀਬ ਭਾਰਤੀ ਕਿਸ਼ਤੀਆਂ ਹਨ, ਜਿਨ੍ਹਾਂ ਨੂੰ ਉਹ ਛੱਡ ਨਹੀਂ ਰਿਹਾ। ਭਾਰਤ ਸਰਕਾਰ ਚਾਹੇ ਤਾਂ ਇਸ ਸਬੰਧੀ ਪਾਕਿਸਤਾਨ ਨਾਲ ਸਖਤੀ ਨਾਲ ਗੱਲ ਕਰ ਸਕਦੀ ਹੈ ਕਿਉਂਕਿ ਪਾਕਿਸਤਾਨੀ ਮਛੇਰੇ ਵੀ ਭਾਰਤੀ ਜੇਲਾਂ 'ਚ ਕੈਦ ਹਨ।

ਹਿੰਦੂ ਕੈਦੀਆਂ ਨਾਲ ਜਾਨਵਰਾਂ ਵਰਗਾ ਸਲੂਕ ਕਰਦੇ ਹਨ ਪਾਕਿ ਜੇਲ ਪ੍ਰਬੰਧਕ
ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਮਛੇਰਿਆਂ ਨੇ ਦੱਸਿਆ ਕਿ ਕਰਾਚੀ ਸਥਿਤ ਲਾਂਡੀ ਜੇਲ 'ਚ ਜਾਸੂਸੀ ਦੇ ਦੋਸ਼ਾਂ 'ਚ ਫੜੇ ਗਏ ਕੈਦੀਆਂ ਨਾਲ ਤਾਂ ਮਾੜਾ ਸਲੂਕ ਕੀਤਾ ਹੀ ਜਾਂਦਾ ਹੈ, ਨਾਲ ਹੀ ਹਿੰਦੂ ਮਛੇਰਿਆਂ ਨਾਲ ਵੀ ਪਾਕਿ ਜੇਲ ਪ੍ਰਬੰਧਕ ਜਾਨਵਰਾਂ ਵਰਗਾ ਸਲੂਕ ਕਰਦੇ ਹਨ। ਜੇਲ ਕਰਮਚਾਰੀ ਹਿੰਦੂ ਕੈਦੀਆਂ 'ਤੇ ਧਰਮ ਅਪਨਾਉਣ ਲਈ ਵੀ ਦਬਾਅ ਬਣਾਉਂਦੇ ਹਨ ਤੇ ਉਨ੍ਹਾਂ 'ਤੇ ਥਰਡ ਡਿਗਰੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਤੁਲਨਾ 'ਚ ਮੁਸਲਮਾਨ ਕੈਦੀਆਂ ਨਾਲ ਜੇਲ ਪ੍ਰਬੰਧਕ ਦਾ ਸਲੂਕ ਠੀਕ ਰਹਿੰਦਾ ਹੈ।

ਪਾਕਿ ਜੇਲਾਂ 'ਚ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਸਿਵਲ ਕੈਦੀ
ਰਿਹਾਅ ਹੋ ਕੇ ਆਏ ਮਛੇਰਿਆਂ ਅਨੁਸਾਰ ਕਰਾਚੀ ਦੀ ਲਾਂਡੀ ਜੇਲ, ਕੋਟ ਲਖਪਤ ਜੇਲ (ਲਾਹੌਰ) ਤੇ ਮੁਲਤਾਨ ਦੀਆਂ ਜੇਲਾਂ 'ਚ ਕੈਦ ਕੁਝ ਸਿਵਲ ਕੈਦੀ ਜੇਲ ਵਿਚ ਮਿਲਣ ਵਾਲੀ ਥਰਡ ਡਿਗਰੀ ਕਾਰਨ ਆਪਣਾ ਮਾਨਸਿਕ ਸੰਤੁਲਨ ਤੱਕ ਗੁਆ ਚੁੱਕੇ ਹਨ। ਭਾਰਤੀ ਸਿਵਲ ਕੈਦੀਆਂ ਨੂੰ ਤਾਂ ਇਥੋਂ ਤੱਕ ਵੀ ਯਾਦ ਨਹੀਂ ਕਿ ਉਹ ਭਾਰਤ ਦੇ ਕਿਸ ਪ੍ਰਾਂਤ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਂ ਕੀ ਹਨ। ਪਾਕਿਸਤਾਨ ਦੀਆਂ ਜੇਲਾਂ ਦਾ ਦੌਰਾ ਕਰਨ ਵਾਲੀ ਭਾਰਤੀ ਅਧਿਕਾਰੀਆਂ ਦੀ ਕਮੇਟੀ ਦੇ ਸਾਹਮਣੇ ਵੀ ਅਜਿਹੇ ਕੁਝ ਕੈਦੀਆਂ ਬਾਰੇ ਦੱਸਿਆ ਗਿਆ ਸੀ ਪਰ ਕਿਸੇ ਦੀ ਸੁਣਵਾਈ ਨਹੀਂ ਹੋਈ। ਕੁਝ ਕੈਦੀ ਤਾਂ ਅਜਿਹੇ ਵੀ ਹਨ ਜੋ ਜੇਲਾਂ ਤੋਂ ਰਿਹਾਅ ਹੀ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੇ ਹੁਣ ਪਾਕਿਸਤਾਨੀ ਜੇਲਾਂ ਨੂੰ ਹੀ ਆਪਣਾ ਘਰ ਬਣਾ ਲਿਆ ਹੈ।

ਗੁਜਰਾਤ ਫਿਸ਼ਰੀਜ਼ ਬੋਰਡ ਦਿੰਦਾ ਹੈ 4500 ਰੁਪਏ ਵਗਾਰ
ਮਛੇਰਿਆਂ ਨੇ ਦੱਸਿਆ ਕਿ ਜਦੋਂ ਕੋਈ ਮਛੇਰਾ ਪਾਕਿਸਤਾਨ ਦੇ ਤਟੀ ਖੇਤਰਾਂ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਦਾ ਪਾਲਣ-ਪੋਸ਼ਣ ਗੁਜਰਾਤ ਫਿਸ਼ਰੀਜ਼ ਬੋਰਡ ਵੱਲੋਂ ਕੀਤਾ ਜਾਂਦਾ ਹੈ। ਜੋ ਮਛੇਰੇ ਬੋਰਡ 'ਚ ਰਜਿਸਟਰਡ ਹੁੰਦੇ ਹਨ ਉਨ੍ਹਾਂ ਦੇ ਪਰਿਵਾਰ ਨੂੰ ਬੋਰਡ ਵੱਲੋਂ 4500 ਰੁਪਏ ਮਹੀਨਾ ਵਗਾਰ ਦਿੱਤੀ ਜਾਂਦੀ ਹੈ। ਹਾਲਾਂਕਿ ਇੰਨੀ ਆਰਥਿਕ ਮਦਦ ਨਾਲ ਉਨ੍ਹਾਂ ਦਾ ਪਰਿਵਾਰ ਸਾਰੀਆਂ ਸੁੱਖ ਸਹੂਲਤਾਂ ਨੂੰ ਪੂਰਾ ਨਹੀਂ ਕਰ ਸਕਦਾ ਪਰ ਦੋ ਵਕਤ ਦੀ ਰੋਟੀ ਜ਼ਰੂਰ ਮਿਲ ਜਾਂਦੀ ਹੈ।


Baljeet Kaur

Content Editor

Related News