ਇਤਿਹਾਸਕ ਨਗਰ ਕੀਰਤਨ ਨੇ ਰਾਜਸਥਾਨ ਦੇ ਪੁਸ਼ਕਰ ਲਈ ਪਾਏ ਚਾਲੇ
Saturday, Sep 28, 2019 - 04:48 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਰੰਭ ਕੀਤੇ ਗਏ ਇਤਿਹਾਸਕ ਨਗਰ ਕੀਰਤਨ ਦੀ ਅੱਜ ਰਾਜਿਸਥਾਨ ਦੇ ਕੋਟਾ ਸਥਿਤ ਗੁਰਦੁਆਰਾ ਅਗੰਮਗੜ੍ਹ ਸਾਹਿਬ ਤੋਂ ਅਗਲੇ ਪੜਾਅ ਪੁਸ਼ਕਰ ਲਈ ਸਿੱਖ ਰਵਾਇਤਾ ਅਨੁਸਾਰ ਰਵਾਨਗੀ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਚੱਲ ਰਹੇ ਇਸ ਨਗਰ ਕੀਰਤਨ ਦੀ ਅੱਗੇ ਰਵਾਨਗੀ ਤੋਂ ਪਹਿਲਾਂ ਅਰਦਾਸ ਕੀਤੀ ਗਈ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦਿੱਤੇ। ਇਸ ਤੋਂ ਪਹਿਲਾਂ ਸਜਾਏ ਗਏ ਧਾਰਮਿਕ ਦੀਵਾਨ ਅੰਦਰ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਵੀ ਹੋਈਆਂ। ਸ਼੍ਰੋਮਣੀ ਕਮੇਟੀ ਦੇ ਸੀਨੀਅਰ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਸੰਗਤ ਨਾਲ ਸਾਂਝਾ ਕਰਦਿਆਂ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਗੁਰਮਤਿ ਸਮਾਗਮਾਂ ਬਾਰੇ ਦੱਸਿਆ। ਉਨ੍ਹਾਂ ਸੰਗਤ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤਰਫੋਂ ਸ਼ਤਾਬਦੀ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਨਗਰ ਕੀਰਤਨ ਦੀ ਪੁਸ਼ਕਰ ਲਈ ਰਵਾਨਗੀ ਸਮੇਂ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ ਹੋਈਆਂ ਸਨ, ਜਿਨ੍ਹਾਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਦੂਰ ਤੱਕ ਨਗਰ ਕੀਰਤਨ ਨਾਲ ਚੱਲਦੀਆਂ ਰਹੀਆਂ। ਸੰਗਤ ਵਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਇਸ ਦੌਰਾਨ ਨਗਰ ਕੀਰਤਨ 'ਚ ਸ਼ਾਮਲ ਵਿਸ਼ੇਸ਼ ਬੱਸ 'ਚ ਸੁਸ਼ੋਭਿਤ ਗੁਰੂ ਸਾਹਿਬਾਨ ਦੀਆਂ ਪਾਵਨ ਨਿਸ਼ਾਨੀਆਂ ਦੇ ਵੀ ਸੰਗਤ ਨੇ ਉਤਸ਼ਾਹ ਨਾਲ ਦਰਸ਼ਨ ਕੀਤੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਸਾਹਿਬ ਭੇਟ ਕਰਕੇ ਵੀ ਸ਼ਰਧਾ ਪ੍ਰਗਟਾਈ। ਇਸੇ ਦੌਰਾਨ ਅੱਜ ਨਗਰ ਕੀਰਤਨ ਦੇ ਰਸਤੇ 'ਤੇ ਵੱਖ-ਵੱਖ ਥਾਈਂ ਸੰਗਤ ਨੇ ਭਰਵਾਂ ਸਵਾਗਤ ਕੀਤਾ। ਨਗਰ ਕੀਰਤਨ ਨਾਲ ਪ੍ਰਮੁੱਖ ਸ਼ਖਸੀਅਤਾਂ 'ਚ ਬਾਬਾ ਲੱਖਾ ਸਿੰਘ ਕੋਟੇ ਵਾਲੇ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਕੰਗ, ਹਰਜੀਤ ਸਿੰਘ ਲਾਲੂਘੁੰਮਣ, ਬਾਬਾ ਬਲਵਿੰਦਰ ਸਿੰਘ, ਪ੍ਰਿੰ. ਗੀਤਾ ਦੇਵੀ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ, ਗਿਆਨ ਸਿੰਘ, ਸ਼ੇਰ ਸਿੰਘ ਆਦਿ ਮੌਜੂਦ ਸਨ।