ਇਤਿਹਾਸਕ ਨਗਰ ਕੀਰਤਨ ਨਿਜ਼ਾਮਾਬਾਦ ਤੋਂ ਹੈਦਰਾਬਾਦ ਲਈ ਰਵਾਨਾ

09/18/2019 5:29:16 AM

ਅੰਮ੍ਰਿਤਸਰ (ਦੀਪਕ ਸ਼ਰਮਾ) : ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਇਤਿਹਾਸਕ ਨਗਰ ਕੀਰਤਨ ਬੀਤੀ ਰਾਤ ਤੇਲੰਗਾਨਾ ਦੇ ਨਿਜ਼ਾਮਾਬਾਦ ਵਿਖੇ ਰਾਤ ਦਾ ਵਿਸ਼ਰਾਮ ਕਰਨ ਮਗਰੋਂ ਅੱਜ ਅਗਲੇ ਪੜਾਅ ਹੈਦਰਾਬਾਦ ਲਈ ਖਾਲਸਈ ਸ਼ਾਨੋ-ਸ਼ੌਕਤ ਨਾਲ ਰਵਾਨਾ ਹੋ ਗਿਆ। ਹਰ ਰੋਜ਼ ਦੀ ਤਰ੍ਹਾਂ ਨਗਰ ਕੀਰਤਨ 'ਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ। ਨਗਰ ਕੀਰਤਨ ਨਾਲ ਚੱਲ ਰਹੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਗਾਜੁਲਪੇਟ ਨਿਜ਼ਾਮਾਬਾਦ ਵਿਖੇ ਰਵਾਨਗੀ ਤੋਂ ਪਹਿਲਾਂ ਧਾਰਮਿਕ ਦੀਵਾਨ ਅੰਦਰ ਗੁਰਬਾਣੀ ਕੀਰਤਨ ਅਤੇ ਕਥਾ-ਵਿਚਾਰਾਂ ਹੋਈਆਂ।
PunjabKesari
ਇਸ ਉਪਰੰਤ ਖਾਲਸਾਈ ਜੈਕਾਰਿਆਂ ਦੀ ਗੂੰਜ 'ਚ ਨਗਰ ਕੀਰਤਨ ਅੱਗੇ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਕੱਲ ਨਿਜ਼ਾਮਾਬਾਦ ਵਿਖੇ ਭਾਰਤ ਸਰਕਾਰ ਦੇ ਰਾਜ ਮੰਤਰੀ ਹੰਸਰਾਜ ਗੰਗਾਰਾਮ ਅਹੀਰ ਵੀ ਨਗਰ ਕੀਰਤਨ ਦੇ ਸਵਾਗਤ ਲਈ ਪਹੁੰਚੇ। ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ 'ਤੇ ਸਥਾਨਕ ਸਿੱਖ ਪ੍ਰਤੀਨਿਧਾਂ ਅਤੇ ਸੰਗਤਾਂ ਨੇ ਵੀ ਨਗਰ ਕੀਰਤਨ 'ਚ ਭਰਵੀਂ ਸ਼ਮੂਲੀਅਤ ਕੀਤੀ। ਪ੍ਰਤਾਪ ਸਿੰਘ ਅਨੁਸਾਰ ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਲੰਗਰਾਂ ਆਦਿ ਨਾਲ ਕੀਤੀ ਜਾ ਰਹੀ ਸੇਵਾ ਮਿਸਾਲੀ ਹੈ। ਉਨ੍ਹਾਂ ਦੱਸਿਆ ਕਿ ਦੂਰ-ਦੁਰਾਡੇ ਤੋਂ ਵੀ ਸੰਗਤਾਂ ਨਗਰ ਕੀਰਤਨ 'ਚ ਹਾਜ਼ਰੀ ਭਰ ਰਹੀਆਂ ਹਨ। ਸੰਗਤਾਂ ਦਾ ਇਹ ਉਤਸ਼ਾਹ ਦੇਖਣਯੋਗ ਹੈ। ਨਗਰ ਕੀਰਤਨ ਦੀ ਨਿਜ਼ਾਮਾਬਾਦ ਤੋਂ ਅੱਗੇ ਰਵਾਨਗੀ ਸਮੇਂ ਸਥਾਨਕ ਪੁਲਸ ਵਲੋਂ ਰਵਾਇਤੀ ਢੰਗ ਨਾਲ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਸਥਾਨਕ ਸੰਗਤਾਂ ਵਿਚ ਗਿਆਨੀ ਅਵਤਾਰ ਸਿੰਘ ਸ਼ੀਤਲ, ਦਰਸ਼ਨ ਸਿੰਘ ਸ਼ੌਂਕੀ, ਚਰਨਜੀਤ ਸਿੰਘ, ਜਗਜੀਵਨ ਸਿੰਘ, ਕੁਲਵਿੰਦਰ ਸਿੰਘ, ਜਸਪਾਲ ਸਿੰਘ, ਹਰਜੀਤ ਸਿੰਘ, ਮਨਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਵਲੋਂ ਨਗਰ ਕੀਰਤਨ ਦੇ ਪ੍ਰਬੰਧ 'ਚ ਸ਼ਾਮਲ ਵਧੀਕ ਮੈਨੇਜਰ ਪਰਮਜੀਤ ਸਿੰਘ, ਸੁਪਰਵਾਈਜ਼ਰ ਰਜਵੰਤ ਸਿੰਘ, ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਬਖ਼ਸ਼ੀਸ ਸਿੰਘ, ਗੁਰਲਾਲ ਸਿੰਘ ਆਦਿ ਮੌਜੂਦ ਸਨ।


Baljeet Kaur

Content Editor

Related News