ਇਤਿਹਾਸਕ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਧੰਨਬਾਦ ਲਈ ਰਵਾਨਾ

Monday, Aug 26, 2019 - 02:45 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਇਆ ਇਤਿਹਾਸਕ ਨਗਰ ਕੀਰਤਨ ਆਪਣੇ ਅਗਲੇ ਪੜਾਅ ਵੱਲ ਵੱਧਦਾ ਹੋਇਆ ਝਾਰਖੰਡ 'ਚ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹਜ਼ਾਰੀ ਬਾਗ ਤੋਂ ਧੰਨਬਾਦ ਲਈ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਅਨੁਸਾਰ ਨਗਰ ਕੀਰਤਨ ਦੀ ਰਵਾਨਗੀ ਸਮੇਂ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ। ਇਥੇ ਝਾਰਖੰਡ ਸੂਬੇ ਦੇ ਘੱਟ ਗਿਣਤੀ ਕਮਿਸ਼ਨ ਦੇ ਉੱਪ-ਚੇਅਰਮੈਨ ਗੁਰਵਿੰਦਰ ਸਿੰਘ ਸੇਠੀ, ਹਜ਼ਾਰੀ ਬਾਗ ਦੇ ਵਿਧਾਇਕ ਸ੍ਰੀ ਮਨੀ ਜੈਸਵਾਲ, ਮੇਅਰ ਬੀਬੀ ਰੌਸ਼ਨੀ ਟਿਰਕੀ, ਡਿਪਟੀ ਮੇਅਰ ਰਾਜ ਕੁਮਾਰ ਲਾਲ, ਪੂਰਵ ਡਿਪਟੀ ਮੇਅਰ ਸ੍ਰੀ ਅਨੰਦ ਦੇਵ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ, ਸਕੱਤਰ ਦਵਿੰਦਰ ਸਿੰਘ ਬੱਗਾ ਆਦਿ ਪ੍ਰਮੁੱਖ ਸ਼ਖਸੀਅਤਾਂ ਉਚੇਚੇ ਤੌਰ 'ਤੇ ਪਹੁੰਚੀਆਂ। 

ਇਸ ਮੌਕੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਦੇ ਹੈੱਡ ਗ੍ਰੰਥੀ ਭਾਈ ਪ੍ਰਣਾਮ ਸਿੰਘ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਹਰਜੀਤ ਸਿੰਘ ਲਾਲੂ ਘੁੰਮਣ, ਇੰਚਾਰਜ ਗੁਰਚਰਨ ਸਿੰਘ ਕੁਹਾਲਾ, ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਨਰਿੰਦਰ ਸਿੰਘ ਮਥਰੇਵਾਲ, ਅਜੀਤ ਸਿੰਘ ਆਦਿ ਵੀ ਮੌਜੂਦ ਸਨ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਨੇ ਵੀ ਨਗਰ ਕੀਰਤਨ 'ਚ ਸ਼ਮੂਲੀਅਤ ਕੀਤੀ। ਸੰਗਤ ਨੇ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ 
ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਨਿਵਾਜ਼ਿਆ। ਨਗਰ ਕੀਰਤਨ ਦੇ ਸਵਾਗਤ ਲਈ ਰਸਤੇ 'ਚ ਥਾਂ-ਥਾਂ 'ਤੇ ਵੱਡੀ ਗਿਣਤੀ 'ਚ ਸੰਗਤ ਮੌਜੂਦ ਸੀ ਅਤੇ ਗੁਰੂ ਕੇ ਲੰਗਰ ਲਗਾਏ ਗਏ ਸਨ। ਸਿੱਖ ਸੰਗਤ ਤੋਂ ਇਲਾਵਾ ਵੱਖ-ਵੱਖ ਧਰਮਾਂ ਦੇ ਲੋਕ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। 

ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਨਗਰ ਕੀਰਤਨ ਦੀ ਆਰੰਭਤਾ ਦੇ ਸਮੇਂ ਤੋਂ ਲੈ ਕੇ ਸੰਗਤ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹਰ ਪੜਾਅ 'ਤੇ ਸੰਗਤ ਦਾ ਭਰਵੀਂ ਸ਼ਮੂਲੀਅਤ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਵਲੋਂ ਨਗਰ ਕੀਰਤਨ ਨਾਲ ਬਦਲਵੇਂ ਪ੍ਰਬੰਧਾਂ ਤਹਿਤ ਮੌਜੂਦ ਸਟਾਫ ਸੇਵਾ 'ਚ ਲੱਗਾ ਹੋਇਆ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਅਤੇ ਨਗਰ ਕੀਰਤਨ ਦੇ ਕੋਆਰਡੀਨੇਟਰ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਭਲਕੇ 27 ਅਗਸਤ ਨੂੰ ਨਗਰ ਕੀਰਤਨ ਦੀ ਧੰਨਬਾਦ ਤੋਂ ਦੁਰਗਾਪੁਰ ਲਈ ਰਵਾਨਗੀ ਹੋਵੇਗੀ। 


Baljeet Kaur

Content Editor

Related News