ਕਿਥੇ ਖਤਮ ਹੋਇਆ ਚਿੱਟਾ : ਹੈਰੋਇਨ ਦੀ ਹੋਲਸੇਲ ਮੰਡੀ ਬਣਿਆ ਅੰਮ੍ਰਿਤਸਰ

Monday, Feb 03, 2020 - 11:21 AM (IST)

ਕਿਥੇ ਖਤਮ ਹੋਇਆ ਚਿੱਟਾ : ਹੈਰੋਇਨ ਦੀ ਹੋਲਸੇਲ ਮੰਡੀ ਬਣਿਆ ਅੰਮ੍ਰਿਤਸਰ

ਅੰਮ੍ਰਿਤਸਰ (ਨੀਰਜ) - ਜ਼ਿਲੇ ’ਚ ਹੈਰੋਇਨ ਦੀ ਵਿਕਰੀ ਅਤੇ ਇਸ ਦਾ ਪ੍ਰਯੋਗ ਰੋਕਣ ਦੇ ਪ੍ਰਬੰਧਕੀ ਦਾਅਵੇ ਫੋਕੇ ਸਾਬਤ ਹੋ ਰਹੇ ਹਨ। ਜ਼ਿਲਾ ਪ੍ਰਸ਼ਾਸਨ ਵਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਅੰਮ੍ਰਿਤਸਰ ਜ਼ਿਲੇ ’ਚ ਚਿੱਟੇ ਦੀ ਵਿਕਰੀ ਅਤੇ ਇਸ ਦਾ ਪ੍ਰਯੋਗ ਕਰਨ ਵਾਲਿਆਂ ’ਤੇ ਨਕੇਲ ਪਾਈ ਜਾ ਚੁੱਕੀ ਹੈ ਪਰ ਐੱਸ. ਟੀ. ਐੱਫ. ਵਲੋਂ ਸੁਲਤਾਨਵਿੰਡ ਰੋਡ ਇਲਾਕੇ ’ਚ ਆ ਕੇ 200 ਕਿਲੋ ਹੈਰੋਇਨ ਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੇ ਨਾਲ ਹੈਰੋਇਨ ਨੂੰ ਪ੍ਰੋਸੈਸਿੰਗ ਕਰਨ ਵਾਲੀ ਫੈਕਟਰੀ ਫੜੇ ਜਾਣ ’ਤੇ ਸਿੱਧ ਹੋ ਗਿਆ ਕਿ ਅੰਮ੍ਰਿਤਸਰ ਹੈਰੋਇਨ ਦੀ ਹੋਲਸੇਲ ਮੰਡੀ ਬਣਦਾ ਜਾ ਰਿਹਾ ਹੈ।

ਹੈਰੋਇਨ ਸਮੱਗਲਰ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਉਹ ਕਿਲੋ-2 ਕਿਲੋ ਨਹੀਂ ਸਗੋਂ ਕੁਇੰਟਲਾਂ ਦੇ ਹਿਸਾਬ ਨਾਲ ਨਾ ਸਿਰਫ ਹੈਰੋਇਨ ਮੰਗਵਾ ਰਹੇ ਹਨ, ਸਗੋਂ ਇਸ ਨੂੰ ਕੈਮੀਕਲਸ ਜ਼ਰੀਏ ਕਈ ਗੁਣਾ ਵੱਧ ਬਣਾਉਣ ਲਈ ਫੈਕਟਰੀ ਤੱਕ ਲਾ ਕੇ ਬੈਠੇ ਹੋਏ ਹਨ। ਜ਼ਿਲੇ ’ਚ ਹੋਰ ਕਿੰਨੀਆਂ ਹੈਰੋਇਨ ਪ੍ਰੋਸੈਸਿੰਗ ਦੀਆਂ ਫੈਕਟਰੀਆਂ ਹੋਣਗੀਆਂ, ਹੁਣ ਇਸ ਬਾਰੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਪਹਿਲਾਂ ਜਦੋਂ 30 ਜੂਨ 2019 ਨੂੰ ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਪਾਕਿ ਤੋਂ ਦਰਾਮਦ ਲੂਣ ਦੀ ਖੇਪ ਨਾਲ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜਿਆ ਗਿਆ ਸੀ ਤਾਂ ਉਸ ਮਗਰੋਂ ਪੂਰੇ ਪੰਜਾਬ ’ਚ ਹਲਚਲ ਹੋ ਗਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈ. ਪੀ. ਐੱਸ. ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਦੁਬਾਰਾ ਐੱਸ. ਟੀ. ਐੱਫ. ਦੀ ਕਮਾਨ ਦੇ ਦਿੱਤੀ ਅਤੇ ਇਸ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆਉਣ ਸ਼ੁਰੂ ਹੋ ਗਏ ਹਨ।

7 ਮਹੀਨਿਆਂ ਬਾਅਦ ਗ੍ਰਿਫਤਾਰ ਨਹੀਂ ਹੋ ਸਕਿਆ ਚੀਤਾ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਫੜੀ ਗਈ 532 ਕਿਲੋ ਹੈਰੋਇਨ ਦੇ ਮਾਮਲੇ ’ਚ ਮੋਸਟਵਾਂਟੇਡ ਚੱਲ ਰਹੇ ਰਣਜੀਤ ਸਿੰਘ ਉਰਫ ਚੀਤਾ ਨੂੰ ਨਾ ਤਾਂ ਪੰਜਾਬ ਪੁਲਸ ਦੀ ਕੋਈ ਸੁਰੱਖਿਆ ਏਜੰਸੀ ਗ੍ਰਿਫਤਾਰ ਕਰ ਸਕੀ ਤੇ ਨਾ ਹੀ ਕੋਈ ਕੇਂਦਰੀ ਏਜੰਸੀ। ਚੀਤੇ ਨੂੰ ਅੰਡਰਗਰਾਊਂਡ ਹੋਏ ਇਸ ਸਮੇਂ 7 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ।

ਅਫਗਾਨੀ ਸਮੱਗਲਰਾਂ ਦਾ ਪੰਜਾਬ ਦੇ ਸਮੱਗਲਰਾਂ ਨਾਲ ਡਾਇਰੈਕਟ ਲਿੰਕ ਖਤਰਨਾਕ
ਹੈਰੋਇਨ ਦੀ ਫਸਲ ਕਰਨ ਵਾਲੇ ਅਫਗਾਨਿਸਤਾਨ ਦੇ ਸਮੱਗਲਰਾਂ ਦਾ ਪੰਜਾਬ ਦੇ ਸਮੱਗਲਰਾਂ ਨਾਲ ਡਾਇਰੈਕਟ ਲਿੰਕ ਹੋਣਾ ਕਾਫ਼ੀ ਖਤਰਨਾਕ ਹੈ। ਐੱਸ. ਟੀ. ਐੱਫ. ਵਲੋਂ ਫੜੀ ਗਈ ਹੈਰੋਇਨ ਦੀ ਖੇਪ ਦੇ ਮਾਮਲੇ ’ਚ ਇਕ ਅਫਗਾਨੀ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਅੰਮ੍ਰਿਤਸਰ ਦੇ ਸਮੱਗਲਰ ਨੂੰ ਹੈਰੋਇਨ ਦੀ ਕੈਮੀਕਲਸ ਜ਼ਰੀਏ ਪ੍ਰੋਸੈਸਿੰਗ ਕਰਨ ਦੀ ਟ੍ਰੇਨਿੰਗ ਦੇਣ ਆਇਆ ਸੀ।

ਪ੍ਰਸ਼ਾਸਨ ਨੂੰ ਨਸ਼ੇ ਖਿਲਾਫ ਮੁਹਿੰਮ ਸਖਤੀ ਨਾਲ ਚਲਾਉਣ ਦੀ ਲੋੜ
ਹੈਰੋਇਨ ਦੀ ਵਿਕਰੀ ਅਤੇ ਹੈਰੋਇਨ ਦੀ ਡਿਮਾਂਡ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਸ਼ੇ ਖਿਲਾਫ ਜਾਰੀ ਮੁਹਿੰਮ ਨੂੰ ਉਸੇ ਤਰ੍ਹਾਂ ਸਖਤੀ ਨਾਲ ਚਲਾਉਣ ਦੀ ਲੋੜ ਹੈ, ਜਿਵੇਂ ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਦੇ ਸ਼ੁਰੂਆਤੀ ਦਿਨਾਂ ’ਚ ਚਲਾਈ ਸੀ। ਕੰਮ ਨਾ ਕਰਨ ਵਾਲੇ, ਫੋਨ ਨਾ ਚੁੱਕਣ ਵਾਲੇ ਅਤੇ ਫੋਕੇ ਦਾਅਵੇ ਕਰਨ ਵਾਲੇ ਪ੍ਰਬੰਧਕੀ ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਜਾਣ ਦੀ ਸਰਕਾਰ ਨੂੰ ਸਖ਼ਤ ਲੋੜ ਹੈ।

ਇਹੀ ਹਾਲ ਰਿਹਾ ਤਾਂ ਪੰਜਾਬ ਦੀ ਤੀਜੀ ਪੀੜ੍ਹੀ ਨੂੰ ਖਾ ਜਾਵੇਗਾ ਚਿੱਟਾ
ਅੱਤਵਾਦ ਦੇ ਦੌਰ ’ਚ ਪੰਜਾਬ ਦੀ ਨੌਜਵਾਨ ਪੀਡ਼੍ਹੀ ਨੂੰ ਭਾਰੀ ਨੁਕਸਾਨ ਹੋਇਆ, ਹੁਣ ਦੂਜੀ ਪੀੜ੍ਹੀ ਨੂੰ ਚਿੱਟਾ ਖੋਖਲਾ ਕਰਦਾ ਜਾ ਰਿਹਾ ਹੈ। ਚਿੱਟੇ ਪੀਣ ਵਾਲੇ ਨੌਜਵਾਨ ਜ਼ਿੰਦਾ ਲਾਸ਼ ਬਣਦੇ ਜਾ ਰਹੇ ਹਨ। ਦੂਜੀ ਪੀੜ੍ਹੀ ਖੋਖਲੀ ਹੋ ਰਹੀ ਹੈ। ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਅਜਿਹੇ ’ਚ ਜੇਕਰ ਇਸੇ ਤਰ੍ਹਾਂ ਚਿੱਟੇ ਦੀਆਂ ਫੈਕਟਰੀਆਂ ਚੱਲਦੀਆਂ ਰਹੀਆਂ ਤਾਂ ਆਉਣ ਵਾਲੀ ਤੀਜੀ ਪੀੜ੍ਹੀ ਜਨਮ ਹੀ ਨਹੀਂ ਲੈ ਸਕੇਗੀ। ਪੰਜਾਬ ਸਰਕਾਰ ਨੂੰ ਚਿੱਟੇ ਦਾ ਖਾਤਮਾ ਕਰਨ ਲਈ ਈਮਾਨਦਾਰ ਪ੍ਰਬੰਧਕੀ ਅਤੇ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੀ ਸਖ਼ਤ ਲੋੜ ਹੈ।


author

rajwinder kaur

Content Editor

Related News