ਵਿਰਾਸਤੀ ਬੁੱਤਾਂ ਨੂੰ ਤੋੜਨ ਵਾਲਾ 9ਵਾਂ ਮੁਲਜ਼ਮ ਮੋਹਾਲੀ ਤੋਂ ਗ੍ਰਿਫਤਾਰ
Saturday, Jan 18, 2020 - 12:33 PM (IST)
ਅੰਮ੍ਰਿਤਸਰ (ਸੰਜੀਵ) : ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਲੱਗੇ ਵਿਰਾਸਤੀ ਬੁੱਤਾਂ ਨੂੰ ਤੋੜਨ ਅਤੇ ਪੁਲਸ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਲੋੜੀਂਦਾ 9ਵਾਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਵਾਸੀ ਮੇਹਰਾਂ ਨੂੰ ਅੱਜ ਬਾਅਦ ਦੁਪਹਿਰ ਪੰਜਾਬ ਪੁਲਸ ਨੇ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਅੱਜ ਡੀ. ਜੀ. ਪੀ. ਪੰਜਾਬ ਨੂੰ ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਸਬੰਧੀ ਮੈਮੋਰੰਡਮ ਦੇਣ ਜਾ ਰਿਹਾ ਸੀ, ਜਿਸ ਦੀ ਭਿਣਕ ਪੁਲਸ ਨੂੰ ਲੱਗੀ ਅਤੇ ਉਸ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ।
ਇਥੇ ਦੱਸ ਦੇਈਏ ਕਿ 14 ਜਨਵਰੀ ਰਾਤ ਡੇਢ ਵਜੇ ਦੇ ਕਰੀਬ 9 ਸਿੱਖ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਰਸਤੇ 'ਤੇ ਭੰਗੜਾ ਅਤੇ ਗਿੱਧਾ ਦਰਸਾਉਂਦੇ ਬੁੱਤਾਂ ਦੇ ਥੜ੍ਹਿਆਂ ਨੂੰ ਤੋੜਨ ਅਤੇ ਰੋਕਣ 'ਤੇ ਪੁਲਸ ਪਾਰਟੀ 'ਤੇ ਜਾਨਲੇਵਾ ਕਰਨ ਦੇ ਦੋਸ਼ 'ਚ ਹੱਤਿਆ ਦੀ ਕੋਸ਼ਿਸ਼ ਅਤੇ ਪਬਲਿਕ ਪ੍ਰਾਪਰਟੀ ਨਾਲ ਭੰਨ-ਤੋੜ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਮਨਿੰਦਰ ਸਿੰਘ ਮਣੀ ਵਾਸੀ ਢਾਹਾਂ ਨੂਰਪੁਰ ਬੇਦੀ, ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਰਣਜੀਤ ਸਿੰਘ ਵਾਸੀ ਸੋਹਿਲ ਝਬਾਲ, ਹਰਵਿੰਦਰ ਸਿੰਘ ਵਾਸੀ ਟਿੱਬਾ ਟਪਰੀਆ, ਗੁਰਸੇਵ ਸਿੰਘ ਵਾਸੀ ਹਸਨਪੁਰ ਖੁਰਦ ਬਟਾਲਾ, ਰਵਿੰਦਰ ਸਿੰਘ ਘਮੌਰ ਬਲਾਚੌਰ, ਰਾਜਬੀਰ ਸਿੰਘ ਵਾਸੀ ਸੁਲਤਾਨਵਿੰਡ ਰੋਡ, ਹਰਕੁੰਵਰ ਸਿੰਘ ਵਾਸੀ ਮੋਹਨੀ ਪਾਰਕ ਨੂੰ ਗ੍ਰਿਫਤਾਰ ਕਰ ਕੇ 16 ਜਨਵਰੀ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਸੀ, ਜਦੋਂ ਕਿ ਉਨ੍ਹਾਂ ਦਾ 9ਵਾਂ ਸਾਥੀ ਅੰਮ੍ਰਿਤਪਾਲ ਸਿੰਘ ਵਾਸੀ ਮੇਹਰਾਂ ਫਰਾਰ ਚੱਲ ਰਿਹਾ ਸੀ, ਜਿਸ ਨੂੰ ਮੋਹਾਲੀ ਤੋਂ ਫੜ ਲਿਆ ਗਿਆ ਹੈ।
ਕੀ ਕਹਿਣਾ ਹੈ ਪੁਲਸ ਕਮਿਸ਼ਨਰ ਦਾ?
ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਵਿਰਾਸਤੀ ਬੁੱਤਾਂ ਨੂੰ ਤੋੜਨ ਦੇ ਮਾਮਲੇ 'ਚ ਲੋੜੀਂਦੇ ਚੱਲ ਰਹੇ 9ਵੇਂ ਮੁਲਜ਼ਮ ਅੰਮ੍ਰਿਤਪਾਲ ਸਿੰਘ ਦੀ ਮੋਹਾਲੀ ਤੋਂ ਗ੍ਰਿਫਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਕ ਵਿਸ਼ੇਸ਼ ਟੀਮ ਉਸ ਨੂੰ ਲਿਆਉਣ ਲਈ ਰਵਾਨਾ ਹੋ ਚੁੱਕੀ ਹੈ, ਜਿਸ ਨੂੰ ਦੇਰ ਰਾਤ ਅੰਮ੍ਰਿਤਸਰ ਲਿਆਂਦਾ ਜਾਵੇਗਾ।