ਸਿਹਤ ਵਿਭਾਗ ਘਰਾਂ ''ਚ ਇਕਾਂਤਵਾਸ ਪਾਜ਼ੇਟਿਵ ਮਰੀਜ਼ਾਂ ਨੂੰ ਕਰਨ ਲੱਗਾ ਜ਼ਲੀਲ

Tuesday, Oct 06, 2020 - 11:18 AM (IST)

ਸਿਹਤ ਵਿਭਾਗ ਘਰਾਂ ''ਚ ਇਕਾਂਤਵਾਸ ਪਾਜ਼ੇਟਿਵ ਮਰੀਜ਼ਾਂ ਨੂੰ ਕਰਨ ਲੱਗਾ ਜ਼ਲੀਲ

ਅੰਮ੍ਰਿਤਸਰ (ਦਲਜੀਤ ਸ਼ਰਮਾ): ਸਿਹਤ ਵਿਭਾਗ ਘਰਾਂ 'ਚ ਇਕਾਂਤਵਾਸ ਕੀਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਹੁਣ ਜ਼ਲੀਲ ਕਰਨ 'ਤੇ ਉੱਤਰ ਆਇਆ ਹੈ। ਮਰੀਜ਼ਾਂ ਦੀ ਪਛਾਣ ਗੁਪਤ ਰੱਖਣ ਦੇ ਨਿਰਦੇਸ਼ਾਂ ਨੂੰ ਛਿੱਕੇ ਟੰਗਦੇ ਹੋਏ ਵਿਭਾਗ ਦੇ ਕਰਮਚਾਰੀ ਜਿੱਥੇ ਮੁਹੱਲੇ ਦੇ ਚੁਰਾਹੇ 'ਚ ਮਰੀਜ਼ਾਂ ਨੂੰ ਸੱਦ ਕੇ ਕੋਰੋਨਾ ਫ਼ਤਿਹ ਕਿੱਟ ਦੇ ਕੇ ਫੋਟੋ ਖਿੱਚਵਾ ਰਹੇ ਹਨ ਉਥੇ ਹੀ ਵਿਭਾਗ ਵਲੋਂ ਵੰਡੀਆਂ ਜਾ ਰਹੀਆਂ ਕਿੱਟ 'ਚ ਆਕਸੀਮੀਟਰ ਅਤੇ ਡਿਜੀਟਲ ਥਰਮਾ ਮੀਟਰ ਖ਼ਰਾਬ ਨਿਕਲ ਰਹੇ ਹਨ। ਵਿਭਾਗ ਦੇ ਕਰਮਚਾਰੀਆਂ ਦੀ ਇਸ ਲਾਪ੍ਰਵਾਹੀ ਕਾਰਣ ਮਰੀਜ਼ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ : ਦਰਦਨਾਕ : ਬਿਆਸ ਦਰਿਆ ਪੁਲ 'ਤੇ ਸੜਕ ਹਾਦਸੇ ਦੌਰਾਨ 40 ਫੁੱਟ ਹੇਠਾਂ ਡਿੱਗੀ ਔਰਤ (ਤਸਵੀਰਾਂ)

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪਛਾਣ ਗੁਪਤ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਨੂੰ ਇਸ ਸਬੰਧੀ ਬਕਾਇਦਾ ਸਰਕਾਰ ਵਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। ਸਰਕਾਰ ਵਲੋਂ ਕਿਹਾ ਗਿਆ ਹੈ ਕਿ ਨਿਯਮਾਂ ਦੀ ਜੇਕਰ ਕੋਈ ਵੀ ਵਿਅਕਤੀ ਪਾਲਣ ਨਹੀਂ ਕਰਦਾ ਤਾਂ ਉਸਦੇ ਖਿਲਾਫ ਐਪੀਡੇਮਿਕ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਇਸ ਨਿਰਦੇਸ਼ਾਂ ਨੂੰ ਟਿੱਚ ਜਾਣਦੇ ਹੋਏ ਵਿਭਾਗ ਦੇ ਕੁਝ ਕਰਮਚਾਰੀ ਆਪਣੇ ਨੰਬਰ ਬਣਾਉਣ ਲਈ ਘਰਾਂ 'ਚ ਇਕਾਂਤਵਾਸ ਕੀਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਮੁਹੱਲੇ ਦੇ ਚੁਰਾਹੇ 'ਚ ਸੱਦ ਕੇ ਫੋਟੋ ਖਿੱਚਵਾ ਰਹੇ ਹਨ ਅਤੇ ਉਨ੍ਹਾਂ ਫੋਟੋ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਰਹੇ ਹਨ।

ਇਹ ਵੀ ਪੜ੍ਹੋ : ਇਸ ਦਿਨ ਖੁੱਲ੍ਹਣ ਜਾ ਰਹੇ ਨੇ ਸਕੂਲ, ਸਿੱਖਿਆ ਵਿਭਾਗ ਨੇ ਜਾਰੀਆਂ ਕੀਤੀਆਂ ਗਾਈਡਲਾਈਨਜ਼

ਕਰਮਚਾਰੀਆਂ ਦੀ ਇਸ ਮਨਮਾਨੀ ਕਾਰਣ ਮੁਹੱਲੇ ਵਿਚ ਖ਼ੁਦ ਪਾਜ਼ੇਟਿਵ ਮਰੀਜ਼ ਆਪਣੇ ਆਪ ਨੂੰ ਬੇਇੱਜ਼ਤ ਹੁੰਦਾ ਵੇਖ ਕੇ ਸ਼ਰਮ ਮਹਿਸੂਸ ਕਰ ਰਿਹਾ ਹੈ। ਸ਼ਹਿਰ 'ਚ ਅੱਜ ਰਾਮਨਗਰ ਅਤੇ ਹੋਰ ਖੇਤਰਾਂ 'ਚ ਮਰੀਜ਼ਾਂ ਦੇ ਘਰਾਂ ਤੋਂ ਦੂਰ ਉਨ੍ਹਾਂ ਨੂੰ ਸੱਦ ਕੇ ਵਿਭਾਗ ਦੇ ਕਰਮਚਾਰੀਆਂ ਵਲੋਂ ਕੋਰੋਨਾ ਫਤੇਹ ਕਿੱਟ ਉਪਲੱਬਧ ਕਰਵਾਈਆਂ ਗਈਆਂ ਹਨ। ਕਈ ਮਰੀਜ਼ਾਂ ਦੇ ਪਰਿਵਾਰਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਵਿਭਾਗ ਦੇ ਕਰਮਚਾਰੀਆਂ ਦੀ ਇਸ ਕਾਰਵਾਈ ਕਾਰਣ ਉਨ੍ਹਾਂ ਨੂੰ ਮੁਹੱਲੇ 'ਚ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਣਾ ਪਿਆ ਹੈ ਅਤੇ ਮਰੀਜ਼, ਜੋ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਤੋਂ ਡਰਿਆ ਹੋਇਆ ਹੈ ਉਹ ਵੀ ਸਮਾਜ 'ਚ ਖ਼ੁਦ ਨੂੰ ਬੇਇੱਜ਼ਤ ਹੁੰਦਾ ਵੇਖ ਕੇ ਆਪਣਾ ਮਨੋਬਲ ਡਿੱਗਿਆ ਬੈਠਾ ਹੈ। ਪਹਿਲਾਂ ਹੀ ਸਮਾਜ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਿਹਾ ਹੈ ਅਤੇ ਖੋਲ੍ਹਦੀ ਆਉਣ ਦੇ ਬਾਅਦ ਉਸਦੇ ਪਰਿਵਾਰਿਕ ਮੈਬਰਾਂ ਦਾ ਵੀ ਬਾਈਕਾਟ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਨਾਬਾਲਗਾ ਕੁੜੀ ਨੂੰ ਅਗਵਾ ਕਰਕੇ ਦਰਿੰਦਿਆਂ ਨੇ ਬਣਾਇਆ ਹਵਸ ਦਾ ਸ਼ਿਕਾਰ

ਵਿਭਾਗ ਵਲੋਂ ਕੀਤੀ ਜਾਣ ਵਾਲੀ ਅਜਿਹੀ ਕਾਰਵਾਈ ਸਮਾਜ 'ਚ ਗਲਤ ਨੀਤੀਆਂ ਨੂੰ ਬੜਾਵਾ ਦੇਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜਿਹੜੀ ਕਿੱਟ 'ਚ ਉਪਲੱਬਧ ਆਕਸੀਮੀਟਰ ਅਤੇ ਡਿਜਿਟਲ ਥਰਮਾਮੀਟਰ ਦਿੱਤੇ ਗਏ ਹਨ ਉਹ ਵੀ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਰੋਨਾ ਫ਼ਤਿਹ ਕਿੱਟ ਦੇ ਕੇ ਲੋਕਾਂ ਨੂੰ ਤੰਦਰੁਸਤ ਕਰਨ ਦਾ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਪਰ ਵਿਭਾਗ ਦੀ ਨਾਲਾਇਕੀ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ ਦੂਜੇ ਪਾਸੇ ਕਾਰਜਕਾਰੀ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵੀ ਮਾਮਲਾ ਧਿਆਨ 'ਚ ਆਇਆ ਹੈ ਸਬੰਧਿਤ ਕਰਮਚਾਰੀਆਂ ਦੀ ਜਵਾਬ ਤਲਬੀ ਕੀਤੀ ਗਈ ਹੈ। ਭਵਿੱਖ ਵਿਚ ਅਜਿਹਾ ਨਾ ਕਰਨ ਦੀ ਨਸੀਹਤ ਦਿੱਤੀ ਗਈ ਹੈ ਜੇਕਰ ਫਿਰ ਵੀ ਕਰਮਚਾਰੀ ਅਜਿਹਾ ਕੋਈ ਕਰਦਾ ਪਾਇਆਾ ਗਿਆ ਤਾਂ ਉਸਦੇ ਖਿਲਾਫ ਬਣਦੀ ਕਾੱਰਵਾਈ ਕੀਤੀ ਜਾਵੇਗੀ।


author

Baljeet Kaur

Content Editor

Related News