ਲੋਕ ਥੱਪੜ ਅਤੇ ਜੁੱਤੀਆਂ ਦੀ ਬਜਾਏ ਵੋਟਾਂ ਨਾਲ ਕੱਢਣ ਗੁੱਸਾ : ਪੁਰੀ

Friday, May 10, 2019 - 03:29 PM (IST)

ਲੋਕ ਥੱਪੜ ਅਤੇ ਜੁੱਤੀਆਂ ਦੀ ਬਜਾਏ ਵੋਟਾਂ ਨਾਲ ਕੱਢਣ ਗੁੱਸਾ : ਪੁਰੀ

ਅੰਮ੍ਰਿਤਸਰ (ਸੁਮਿਤ ਖੰਨਾ) : ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਲੀਡਰਾਂ ਦੇ ਵਿਰੋਧੀਆਂ 'ਤੇ ਹਮਲੇ ਵੀ ਤੇਜ਼ ਹੁੰਦੇ ਜਾ ਰਹੇ ਹਨ। ਅੰਮ੍ਰਿਤਸਰ ਉਤਰੀ 'ਚ ਪ੍ਰਚਾਰ ਲਈ ਪਹੁੰਚੇ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਔਜਲਾ ਨੂੰ ਲਲਕਾਰਿਆ। ਔਜਲਾ ਨੂੰ ਕਰਾਰੀ ਹਾਰ ਦੇਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਔਜਲਾ ਦੀ ਜ਼ਮਾਨਤ ਤੱਕ ਜ਼ਬਤ ਹੋ ਜਾਵੇਗੀ। ਇਸਦੇ ਨਾਲ ਹੀ ਪੁਰੀ ਨੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ 'ਤੇ ਜੁੱਤੀ ਸੁੱਟੇ ਜਾਣ ਤੇ ਕੇਜਰੀਵਾਲ ਨੂੰ ਥੱਪੜ ਮਾਰੇ ਜਾਣ ਨੂੰ ਗਲਤ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੂੰ ਗੁੱਸਾ ਹੈ ਤਾਂ ਉਹ ਇਹ ਗੁੱਸਾ ਥੱਪੜ ਤੇ ਜੁੱਤੀਆਂ ਦੀ ਬਜਾਏ ਵੋਟਾਂ 'ਚ ਕੱਢਣ। 

ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਹਰਦੀਪ ਪੁਰੀ ਲਈ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਵਲੋਂ ਫਤਿਹਗੜ੍ਹ ਚੂੜੀਆਂ ਬਾਈਪਾਸ 'ਤੇ ਨਿੱਜੀ ਰਿਸੋਰਟ ਮਿਲਣ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਹਰਦੀਪ ਪੁਰੀ ਵੀ ਮੁੱਖ ਤੌਰ 'ਤੇ ਸ਼ਾਮਲ ਹੋਏ। ਇਸ ਸਮਾਰੋਹ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ ਕਿ ਅੱਜ ਇਸ ਮਿਲਣ ਸਮਾਰੋਹ 'ਚ ਉੱਤਰੀ ਹਲਕੇ ਦੇ ਵਾਸੀਆਂ ਨੇ ਸ਼ਾਮਲ ਹੋ ਕੇ ਜੋ ਪਿਆਰ ਆਸ਼ੀਰਵਾਦ ਦਿੱਤਾ ਹੈ ਉਹ ਉਸ ਨੂੰ ਕਦੀ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਸਮਾਰੋਹ 'ਚ ਲੋਕਾਂ ਦੇ ਇੰਨੇ ਵੱਡੇ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਹਰਦੀਪ ਪੁਰੀ ਦੀ ਇਤਿਹਾਸਕ ਜਿੱਤ ਹੋ ਚੁੱਕੀ ਹੈ ਤੇ ਹੁਣ ਬਸ ਐਲਾਨ ਹੋਣਾ ਬਾਕੀ ਹੈ।


author

Baljeet Kaur

Content Editor

Related News