ਗੁਰੂ ਨਾਨਕ ਦੇਵ ਹਸਪਤਾਲ ''ਚ ਮਰੀਜ਼ਾਂ ਦਾ ਹੋਣ ਲੱਗਾ ਸੋਸ਼ਣ

09/18/2019 6:11:38 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਜ਼ਿਲੇ 'ਚ ਪੈਂਦੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਮਰੀਜ਼ਾਂ ਦਾ ਰੱਜ ਕੇ ਸੋਸ਼ਣ ਹੋ ਰਿਹਾ ਹੈ। ਹਸਪਤਾਲ 'ਚ ਡਾਕਟਰ ਨੂੰ ਦਿਖਾਉਣ ਲਈ ਸਰਕਾਰੀ ਪਰਚੀ 10 ਰੁਪਏ ਅਤੇ ਜਦਕਿ ਪਾਰਕਿੰਗ ਦੋ ਪਹੀਆ ਵਾਹਨਾਂ ਨੂੰ ਖੜਾ ਕਰਨ ਲਈ ਠੇਕੇਦਾਰ ਵਲੋਂ 20 ਰੁਪਏ ਵਸੂਲੇ ਜਾ ਰਹੇ ਹਨ। ਹਸਪਤਾਲ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਹਸਪਤਾਲ ਕੰਪਲੈਕਸ ਦੀ ਪਰਚੀ ਦੇਣ ਦੀ ਬਜਾਏ ਪਾਰਕਿੰਗ 'ਚ ਤਾਇਨਾਤ ਕਰਿੰਦਿਆਂ ਵਲੋਂ ਐੱਸ.ਡੀ.ਐੱਮ ਕੰਪਲੈਕਸ ਮਜੀਠਾ ਦੀਆਂ ਪਰਚੀਆ ਦੇ ਕੇ ਆਪਣੀਆਂ ਜੇਬਾਂ ਗਰਮ ਕੀਤੀਆ ਜਾ ਰਹੀਆ ਹਨ। ਪਾਰਕਿੰਗ ਦੇ ਕਰਿੰਦਿਆ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਲੋਕਾਂ ਨੂੰ ਸ਼ਰੇਆਮ ਕਹਿੰਦੇ ਹਨ ਕਿ ਜਿੱਥੇ ਮਰਜ਼ੀ ਸ਼ਿਕਾਇਤ ਕਰ ਲਓ ਮੈਡੀਕਲ ਸੁਪਰਡੈਂਟ ਨੂੰ ਸਾਡਾ ਹਿੱਸਾ ਜਾਂਦਾ ਹੈ।

ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਦੂਰ ਤੋਂ ਸਿਹਤ ਸੇਵਾਵਾਂ ਲੈਣ ਦੇ ਲਈ ਆਉਂਦੇ ਹਨ। ਪੰਜਾਬ ਸਰਕਾਰ ਵਲੋਂ ਮਰੀਜ਼ਾਂ ਦੀ ਸੁਵਿਧਾ ਦੇ ਲਈ ਮਾਹਿਰ ਤੋਂ ਮਾਹਿਰ ਡਾਕਟਰਾਂ ਦੀ ਸਿਹਤ ਸੇਵਾਵਾਂ ਜਾਂਚਨ ਦੀ ਪਰਚੀ ਦਾ ਰੇਟ 10 ਰੁਪਏ ਰੱਖਿਆ ਗਿਆ, ਜਦਕਿ ਪਾਰਕਿੰਗ ਦੇ ਠੇਕੇਦਾਰ ਵਲੋਂ ਦੋ ਪਹੀਆ ਵਾਹਨ ਦੇ 20 ਰੁਪਏ ਅਤੇ 4 ਪਹੀਆ ਵਾਹਨ ਦੇ ਇਸ ਤੋਂ ਵੀ ਜ਼ਿਆਦਾ ਵਸੂਲੇ ਜਾ ਰਹੇ ਹਨ। ਸਰਕਾਰ ਦੀਆਂ ਅੱਖਾਂ 'ਚ ਘੱਟਾ ਪਾ ਕੇ ਪਾਰਕਿੰਗ 'ਚ ਤਾਇਨਾਤ ਕਰਿੰਦੇ ਹਸਪਤਾਲ ਕੰਪਲੈਕਸ ਦੀ ਪਰਚੀ ਨਾ ਦੇ ਕੇ ਐੱਸ.ਡੀ.ਐੱਮ. ਮਜੀਠਾ ਕੰਪਲੈਕਸ ਦੀਆ ਪਰਚੀਆਂ ਦੇ ਕੇ ਮਰੀਜ਼ਾਂ ਅਤੇ ਉਨ੍ਹਾ ਦੇ ਵਾਰਿਸਾਂ ਤੋਂ ਪੈਸੇ ਵਸੂਲ ਰਹੇ ਹਨ। 'ਜਗ ਬਾਣੀ' ਦੀ ਟੀਮ ਵਲੋਂ ਜਦੋਂ ਇਸ ਸਬੰਧੀ ਹਸਪਤਾਲ ਦਾ ਦੌਰਾ ਕੀਤਾ ਗਿਆ ਤਾ ਵੇਖਿਆ ਗਿਆ ਕਿ ਹਸਪਤਾਲ 'ਚ ਮਰੀਜ ਨੂੰ ਦਿਖਾਉਣ ਆਏ ਸਤਿੰਦਰ ਸਿੰਘ ਰਾਜੂ ਹਸਪਤਾਲ ਦੀ ਥਾਂ 'ਤੇ ਮਜੀਠਾ ਐੱਸ.ਡੀ.ਐੱਮ. ਦਫਤਰ ਦੀ ਪਰਚੀ ਮਿਲਣ ਕਾਰਨ ਪਾਰਕਿੰਗ ਦੇ ਕਰਿੰਦੇ ਨਾਲ ਬਹਿਸ ਕਰ ਰਿਹਾ ਸੀ ਅਤੇ ਕਰਿੰਦਾ ਮਰੀਜ਼ ਦੇ ਵਾਰਿਸ ਨੂੰ ਅੱਖਾਂ ਵਿਖਾ ਕੇ ਕਹਿ ਰਿਹਾ ਸੀ ਕਿ ਜੋ ਮਰਜ਼ੀ ਕਰ ਲਓ ਮੈਡੀਕਲ ਸੁਪਰਡੈਂਟ ਨੂੰ ਸਾਡੀ ਕਮਾਈ ਦਾ ਹਿੱਸਾ ਜਾਂਦਾ ਹੈ। ਰਾਜੂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆ ਹੋਇਆ ਕਿਹਾ ਕਿ ਹਸਪਤਾਲ 'ਚ ''ਅੰਧੇਰ ਨਗਰੀ ਚੋਪਟ ਰਾਜਾ'' ਵਾਲੀ ਕਹਾਵਤ ਢੁਕਵੀਂ ਬੈਠ ਰਹੀ ਹੈ। ਮਰੀਜ਼ਾਂ ਦਾ ਸੋਸ਼ਣ ਹੋ ਰਿਹਾ ਹੈ ਅਤੇ ਅਧਿਕਾਰੀ ਮੌਜਾਂ ਮਾਣ ਰਹੇ ਹਨ। ਇਸ ਘਟਨਾ ਸਬੰਧੀ ਉਨ੍ਹਾ ਮੈਡੀਕਲ ਸੁਪਰਡੈਂਟ ਨੂੰ ਵੀ ਫੋਨ ਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪਰ ਸੁਪਰਡੈਂਟ ਡਾ ਜੇ.ਐੱਸ. ਕੁਲਾਰ ਵਲੋਂ ਆਪਣਾ ਫੋਨ ਹੀ ਨਹੀਂ ਚੁੱਕਿਆ ਗਿਆ। ਉਨ੍ਹਾ ਕਿਹਾ ਕਿ ਮੰਤਰੀ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸ ਸਬੰਧੀ ਜਦੋਂ ਪਾਰਕਿੰਗ 'ਚ ਮੌਜੂਦ ਠੇਕੇਦਾਰ ਦੇ ਕਰਿੰਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਹਸਪਤਾਲ ਦੀਆਂ ਪਰਚੀਆਂ ਖਤਮ ਹੋ ਗਈਆਂ ਸਨ, ਇਸ ਲਈ ਪੁਰਾਣੀਆਂ ਪਰਚੀਆਂ ਦਿੱਤੀਆ ਜਾ ਰਹੀਆ ਸਨ, ਜਦੋਂ ਹੋਰ ਗੱਲਾਂ ਦੇ ਜਵਾਬ ਉਸ ਤੋਂ ਮੰਗੇ ਗਏ ਤਾਂ ਉਹ ਕੰਨੀ ਕਤਰਾ ਕੇ ਉਥੋਂ ਨਿਕਲ ਗਿਆ।

ਜ਼ਿਕਰਯੋਗ ਹੈ ਕਿ ਰੈਡ ਕਰਾਸ ਸੁਸਾਇਟੀ ਪਿਛਲੇ ਲੰਬੇ ਸਮੇਂ ਤੋਂ ਪਾਰਕਿੰਗ ਦਾ ਠੇਕਾ ਚਲਾ ਰਹੀ ਸੀ ਪਰ ਇਸ ਦੇ ਬਾਵਜੂਦ ਸੁਸਾਇਟੀ ਵਲੋਂ ਹਸਪਤਾਲ ਨੂੰ ਕੋਈ ਵੀ ਪੈਸਾ ਹਸਪਤਾਲ ਦੇ ਵਿਕਾਸ ਲਈ ਨਹੀਂ ਦਿੱਤਾ ਜਾਂਦਾ ਸੀ। ਪਾਰਕਿੰਗ ਦਾ ਠੇਕਾ ਪਿਛਲੇ ਕੁਝ ਸਮੇਂ ਤੋਂ ਖਤਮ ਹੋ ਗਿਆ ਹੈ ਪਰ ਅਧਿਕਾਰੀਆਂ ਦੀ ਮਹਿਰਬਾਨੀ ਸਦਕਾ ਠੇਕੇਦਾਰ ਪਾਰਕਿੰਗ ਅਜੇ ਵੀ ਚਲਾ ਰਿਹਾ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਕਿ ਇਹ ਪਾਰਕਿੰਗ ਹਸਪਤਾਲ ਪ੍ਰਸ਼ਾਸਨ ਖੁਦ ਚਲਾਵੇਗਾ ਪਰ ਅਧਿਕਾਰੀਆਂ ਦੀ ਢਿੱਲਮੱਠ ਕਾਰਨ ਇਹ ਪਾਰਕਿੰਗ ਅਜੇ ਤੱਕ ਚਲਾਉਣ ਸਬੰਧੀ ਮੈਡੀਕਲ ਸੁਪਰਡੈਂਟ ਵਲੋਂ ਕੋਈ ਯੋਗ ਕਾਰਵਾਈ ਨਹੀਂ ਕੀਤੀ ਗਈ ਹੈ। ਪ੍ਰਸਾਸ਼ਨਿਕ ਕੰਮਾਂ ਦਾ ਤਜਰਬਾ ਨਾ ਹੋਣ ਕਾਰਨ ਡਾ ਜੇ.ਐੱਸ.ਕੁਲਾਰ ਮਰੀਜ਼ਾਂ ਅਤੇ ਉਨ੍ਹਾ ਦੀਆਂ ਵਾਰਿਸਾਂ ਦੀਆਂ ਸ਼ਿਕਾਇਤਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲੈਦੇ ਹਨ। ਇਸ ਸਬੰਧੀ ਜਦੋਂ ਮੈਡੀਕਲ ਸੁਪਰਡੈਂਟ ਡਾ ਜੇ.ਐੱਸ.ਕੁਲਾਰ ਨਾਲ ਫੋਨ ਤੇ ਕਈ ਵਾਰ ਸੰਪਰਕ ਕੀਤਾ ਗਿਆ ਤਾ ਉਨ੍ਹਾ ਇਕ ਜਿੰਮੇਵਾਰੀ ਵਾਲੀ ਪੋਸਟ ਤੇ ਹੋਣ ਦੇ ਬਾਵਜੂਦ ਇਕ ਵੀ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
 


Baljeet Kaur

Content Editor

Related News