ਕੋਲਕਾਤਾ ਦੇ ਗੁਰਦੁਆਰਾ ਸਾਹਿਬ ''ਚ ਕੀਤੀ ਮਨਮਤ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
Friday, Nov 22, 2019 - 10:15 AM (IST)
ਅੰਮ੍ਰਿਤਸਰ (ਦੀਪਕ) : ਕੋਲਕਾਤਾ ਦੇ ਇਕ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮਨਮਤੀ ਢੰਗ ਨਾਲ ਆਰਤੀ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨਿੰਦਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਨੂੰ ਸਿੱਖ ਮਰਿਆਦਾ ਵਿਰੁੱਧ ਕਾਰਵਾਈ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕੋਲਕਾਤਾ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਸਿੱਖ ਰਵਾਇਤਾਂ ਵਿਰੁੱਧ ਇਹ ਘਟਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਇਸ ਮਾਮਲੇ 'ਚ ਧਰਮ ਪ੍ਰਚਾਰ ਕਮੇਟੀ ਨੂੰ ਆਪਣੇ ਸਿੱਖ ਮਿਸ਼ਨ ਰਾਹੀਂ ਪੜਤਾਲ ਕਰਵਾਉਣ ਲਈ ਕਿਹਾ ਹੈ।
ਬੁਲਾਰੇ ਅਨੁਸਾਰ ਕੋਲਕਾਤਾ ਦੇ ਆਲਮਪੁਰ ਵਿਖੇ ਗੁਰਦੁਆਰਾ ਸਾਹਿਬ ਦੀਆਂ ਬੱਤੀਆਂ ਬੰਦ ਕਰ ਕੇ ਮਰਿਆਦਾ ਵਿਰੁੱਧ ਆਰਤੀ ਕੀਤੀ ਗਈ, ਜਿਸ ਦਾ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਮਨਮਤ ਕਰਨਾ ਸਿੱਖ ਰਵਾਇਤਾਂ ਅਤੇ ਸਿਧਾਂਤਾਂ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਿੱਖ ਰਵਾਇਤਾਂ ਦੀ ਮੌਲਿਕਤਾ ਨੂੰ ਰਲਗਡ ਕਰਨ ਦਾ ਕੋਝਾ ਯਤਨ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।