ਨੌਜਵਾਨਾਂ ਨੂੰ ਸਿੱਖੀ ਨਾਲ ਜੋੜੇਗੀ ਸਾਬਤ ਸੂਰਤ ਸਿੱਖਾਂ ਦੀ ਪਹਿਲੀ ਫੁੱਟਬਾਲ ਟੀਮ

Sunday, Nov 03, 2019 - 04:11 PM (IST)

ਨੌਜਵਾਨਾਂ ਨੂੰ ਸਿੱਖੀ ਨਾਲ ਜੋੜੇਗੀ ਸਾਬਤ ਸੂਰਤ ਸਿੱਖਾਂ ਦੀ ਪਹਿਲੀ ਫੁੱਟਬਾਲ ਟੀਮ

ਅੰਮ੍ਰਿਤਸਰ (ਸੁਮਿਤ ਖੰਨਾ) :  550 ਸਾਲਾ ਗੁਰਪੁਰਬ ਦੇ ਸਬੰਧ 'ਚ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਤੇ ਖਾਲਸਾ ਫੁੱਟਬਾਲ ਕਲੱਬ ਅਨੋਖਾ ਉਪਰਾਲਾ ਕਰਨ ਜਾ ਰਹੇ ਹਨ। ਅੱਜ ਦੀ ਪੀੜ੍ਹੀ ਨੂੰ ਸਿੱਖੀ ਵੱਲ ਤੇ ਕੇਸਾਧਾਰੀ ਪਛਾਣ ਅਪਨਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਤੇ ਖਾਲਸਾ ਫੁੱਟਬਾਲ ਕਲੱਬ ਵਲੋਂ ਪੰਜਾਬ ਭਰ 'ਚ ਪਹਿਲੇ ਸਿੱਖ ਫੁੱਟਬਾਲ ਕੱਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਫੀਫਾ ਦੇ ਨਿਯਮਾਂ ਤਹਿਤ ਸਾਬਤ ਸੂਰਤ ਖਿਡਾਰੀਆਂ ਲਈ ਇਹ ਫੁੱਟਬਾਲ ਕੱਪ 23 ਨਵੰਬਰ ਤੋਂ 7 ਦਸੰਬਰ ਤੱਕ ਪੰਜਾਬ ਦੇ ਸਾਰੇ ਜ਼ਿਲਿਆਂ 'ਚ ਕਰਵਾਇਆ ਜਾਵੇਗਾ। ਖਾਲਸਾ ਫੁੱਟਬਾਲ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਇਸ ਟੂਰਨਾਮੈਂਟ ਬਾਰੇ ਜਾਣਕਾਰੀ ਦਿੱਤੀ। ਇਸ ਅਧੀਨ ਪਹਿਲਾਂ ਅੰਤਰ ਜ਼ਿਲਾ ਤੇ ਫਿਰ ਰਾਜ ਪੱਧਰੀ ਮੁਕਾਬਲੇ ਕਰਵਾਏ ਜਾਣਗੇ। ਅੰਤਰ ਜ਼ਿਲਾ ਟੂਰਨਾਮੈਂਟ 'ਚ 14 ਤੋਂ 21 ਸਾਲ ਦੀ ਉਮਰ ਤੱਕ ਦੇ ਸਾਬਤ ਸੂਰਤ ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਸਰਵਉੱਚ ਸਿੱਖ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਸਿੱਖ ਖੇਡਾਂ ਸਮੇਤ ਹੋਰ ਮਸ਼ਹੂਰ ਖੇਡਾਂ ਨੂੰ ਸਿੱਖਾਂ 'ਚ ਪ੍ਰਫੁਲਿਤ ਕਰਨਾ ਅਤੇ ਸਿੱਖੀ ਸਰੂਪ ਨੂੰ ਉਤਸ਼ਾਹਤ ਕਰਨਾ ਹੈ। 

ਟੂਰਨਾਮੈਂਟ 'ਚ ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ 3 ਲੱਖ ਰੁਪਏ ਦੇ ਨਕਦ ਪੁਰਸਕਾਰ ਨਾਲ ਨਿਵਾਜ਼ਿਆ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਦੋਹਾਂ ਟੀਮਾਂ ਦੇ ਕੋਚਾਂ ਨੂੰ ਕ੍ਰਮਵਾਰ 51000 ਤੇ 31 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ। ਜ਼ਿਲਿਆਂ 'ਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ। ਇਹ ਸਿੱਖ ਫੁੱਟਬਾਲ ਕੱਪ ਹਰ ਸਾਲ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। 


author

Baljeet Kaur

Content Editor

Related News