ਬੇਗਾਨੇ ਝਗੜੇ ''ਚ ਖਾਦੀਆਂ ਗੋਲੀਆਂ, ਅਜੇ ਤੱਕ ਨਹੀਂ ਮਿਲਿਆ ਇਨਸਾਫ

Wednesday, Apr 03, 2019 - 05:17 PM (IST)

ਬੇਗਾਨੇ ਝਗੜੇ ''ਚ ਖਾਦੀਆਂ ਗੋਲੀਆਂ, ਅਜੇ ਤੱਕ ਨਹੀਂ ਮਿਲਿਆ ਇਨਸਾਫ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਇਕ ਪੁਲਸ ਦੇ ਪਰਿਵਾਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਇਨਸਾਫ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਪੁਲਸ 'ਤੇ ਗੰਭੀਰ ਦੋਸ਼ ਲਗਾਏ ਹਨ। ਅੰਮ੍ਰਿਤਸਰ ਦੇ ਉਤਮ ਨਗਰ ਇਲਾਕੇ 'ਚ ਬੀਤੀ 13 ਫਰਵਰੀ 2019 ਨੂੰ ਮਾਮੂਲੀ ਝਗੜਾ ਹੋਇਆ ਸੀ। ਲੜਾਈ ਦਾ ਕਾਰਨ ਮੁਹੱਲੇ 'ਚ ਗਾਲੀ ਗਲੋਚ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਉਤਮ ਨਗਰ ਦਾ ਇਕ ਪਰਿਵਾਰ ਰਣਜੀਤ ਐਵੀਨਿਓ 'ਚ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਗਿਆ ਸੀ, ਜਿਥੇ ਡਾਂਸ ਕਰਦੇ ਸਮੇਂ ਦੋ ਲੋਕਾਂ ਨਾਲ ਉਨ੍ਹਾਂ ਦਾ ਮਾਮੂਲੀ ਝਗੜਾ ਹੋ ਗਿਆ। ਇਸ ਉਪਰੰਤ ਜਦੋਂ ਉਹ ਆਪਣੇ ਘਰ ਆਏ ਤਾਂ ਗਗਨਦੀਪ ਸਿੰਘ ਨੇ ਘਰ 'ਚ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਨ੍ਹਾਂ ਦੇ ਗੁਆਂਢ ਰਹਿੰਦੇ ਜਸਪ੍ਰੀਤ ਨਾਂ ਦੇ ਨੌਜਵਾਨ ਨੇ ਗਗਨਦੀਪ ਸਿੰਘ ਅਤੇ ਉਸਦੇ ਇੱਕ ਸਾਥੀ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ, ਜਿਸ ਤੋਂ ਬਾਅਦ ਗੁੱਸੇ 'ਚ ਅਤੇ ਸ਼ਰਾਬ ਦੇ ਨਸ਼ੇ 'ਚ ਗਗਨਦੀਪ ਨੇ ਜਸਪ੍ਰੀਤ 'ਤੇ ਗੋਲੀਆਂ ਚਲਾ ਦਿੱਤੀਆ, ਜਿਸ ਕਾਰਨ ਇਕ ਗੋਲੀ ਜਸਪ੍ਰੀਤ ਦੇ ਜਾ ਲੱਗੀ। ਇਸ ਘਟਨਾ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਪਰ ਇੰਨੇ ਲੰਮੇ ਸਮੇਂ ਤੋਂ ਬਾਅਦ ਵੀ ਪੁਲਸ ਗੋਲੀ ਚਲਾਉਣ ਵਾਲਿਆਂ ਨੂੰ ਫੜ੍ਹਨ 'ਚ ਫੇਲ ਸਾਬਿਤ ਹੋਈ ਹੈ।

ਇਸ ਸਬੰਧੀ ਜਦੋਂ ਪੁਲਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਆਪਣੇ ਇਲਾਕੇ 'ਚੋ ਫਰਾਰ ਹੈ। ਪੁਲਸ ਪਾਰਟੀ ਲਗਾਤਾਰ ਉਨ੍ਹਾਂ ਦੀ ਭਾਲ 'ਚ ਲੱਗੀ ਹੈ ਅਤੇ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Baljeet Kaur

Content Editor

Related News