ਬੰਜਾਵਾਲੇ ਦੇ ਸੱਕੀ ਕੰਢਿਓਂ ਲਾਹਣ ਦਾ ਵੱਡਾ ਜ਼ਖੀਰਾ ਬਰਾਮਦ

Thursday, Nov 05, 2020 - 12:45 PM (IST)

ਅੰਮ੍ਰਿਤਸਰ (ਇੰਦਰਜੀਤ): ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਦੇ ਪਿੰਡ ਬੰਜਾਵਾਲਾ ਇਲਾਕੇ 'ਚ ਸੱਕੀ ਨਾਲੇ ਦੇ ਕੰਢਿਓਂ ਲਾਹਣ ਦੀ ਇਕ ਵੱਡੀ ਖੇਪ ਫੜੀ ਹੈ, ਜਿਸ ਨਾਲ ਹਜ਼ਾਰਾਂ ਲੀਟਰ ਦੇਸੀ ਸ਼ਰਾਬ ਬਣਾਈ ਜਾ ਸਕਦੀ ਸੀ ਪਰ ਐਕਸਾਈਜ਼ ਵਿਭਾਗ ਦੀ ਤੇਜ਼ਤਰਾਰ ਅਧਿਕਾਰੀ ਰਾਜਵਿੰਦਰ ਕੌਰ ਦੀ ਅਗਵਾਈ 'ਚ ਟੀਮ ਨੇ ਸ਼ਰਾਬ ਸਮੱਗਲਰਾਂ ਦੇ ਮਨਸੂਬੇ ਨੂੰ ਨਾਕਾਮ ਕਰ ਦਿੱਤਾ। ਉੱਥੇ ਹੀ ਪੁਲਸ ਅਤੇ ਐਕਸਾਈਜ਼ ਟੀਮ ਕਿਸੇ ਵੀ ਸਮੱਗਲਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਕਿਉਂਕਿ ਮਾਲ ਦੀ ਬਰਾਮਦੀ ਜ਼ਮੀਨ ਪੁੱਟਣ 'ਤੇ ਹੋਈ ਸੀ। ਜਾਣਕਾਰੀ ਮੁਤਾਬਕ ਐਕਸਾਈਜ਼ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇਸ ਇਲਾਕੇ 'ਚ ਲਾਹਣ ਦੀ ਵੱਡੀ ਖੇਪ ਨਾਲੇ ਦੇ ਕੰਢੇ ਝਾੜੀਆਂ 'ਚ ਲੁਕਾਈ ਗਈ ਹੈ। ਇਸ ਲਾਹਣ ਨਾਲ 6-7 ਹਜ਼ਾਰ ਬੋਤਲਾਂ ਦੇਸੀ ਸ਼ਰਾਬ ਤਿਆਰ ਹੋ ਸਕਦੀ ਸੀ। ਜੇਕਰ ਸ਼ਰਾਬ ਨੂੰ ਤਿਆਰ ਕਰ ਲਿਆ ਜਾਂਦਾ ਤਾਂ ਇਸ ਨਾਲ ਐਕਸਾਈਜ਼ ਵਿਭਾਗ ਦੇ ਰੈਵੀਨਿਊ ਦਾ ਭਾਰੀ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ : ਜਿਸ ਦੀ ਲੰਮੀ ਉਮਰ ਲਈ ਰੱਖਿਆ ਸੀ ਕਰਵਾ ਚੌਥ ਉਸੇ ਨੂੰ ਚਿੱਟੇ ਕਫ਼ਨ 'ਚ ਲਿਪਟੇ ਵੇਖ ਪਤਨੀ ਦੇ ਉਡੇ ਹੋਸ਼

ਕਾਰਵਾਈ ਕਰਦਿਆਂ ਐਕਸਾਈਜ਼ ਵਿਭਾਗ ਦੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਆਪਣੀ ਟੀਮ 'ਚ ਪੁਲਸ ਅਧਿਕਾਰੀ ਜਗਜੀਤ ਕੁਮਾਰ, ਮਨਜਿੰਦਰ ਸਿੰਘ ਅਤੇ ਸ਼ਰਾਬ ਦੇ ਕੁਝ ਠੇਕੇਦਾਰਾਂ ਨੂੰ ਲਿਆ। ਮੌਕੇ 'ਤੇ ਛਾਪੇਮਾਰੀ ਦੌਰਾਨ ਪਤਾ ਚੱਲਿਆ ਕਿ ਨਾਲੇ ਦੇ ਕੰਢੇ ਜ਼ਹਿਰੀਲੀ ਲਾਹਣ ਨੂੰ ਵੱਖ-ਵੱਖ ਥਾਵਾਂ 'ਤੇ ਜ਼ਮੀਨ 'ਚ ਤਰਪਾਲਾਂ 'ਚ ਲਪੇਟ ਕੇ ਦਬਾਇਆ ਗਿਆ ਹੈ। ਜਿਵੇਂ-ਜਿਵੇਂ ਜ਼ਮੀਨ ਵਿਚ ਖੁਦਾਈ ਕੀਤੀ ਗਈ ਤਾਂ ਵੇਖਦਿਆਂ ਹੀ ਵੇਖਦੇ 26 ਥਾਵਾਂ ਤੋਂ 5200 ਲਿਟਰ ਲਾਹਣ ਬਰਾਮਦ ਕੀਤੀ ਗਈ। ਜ਼ਿਲਾ ਆਬਕਾਰੀ ਅਧਿਕਾਰੀ ਹੇਮੰਤ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਲਾਹਣ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਨੇ ਉਨ੍ਹਾਂ ਸਮੇਤ ਪਰਿਵਾਰਕ ਮੈਂਬਰਾਂ ਨੂੰ ਈ. ਡੀ. ਤੇ ਆਮਦਨ ਕਰ ਦੇ ਨੋਟਿਸ ਭੇਜਣ ਦੇ ਸਮੇਂ 'ਤੇ ਚੁੱਕੇ ਸਵਾਲ

ਨਾਜਾਇਜ਼ ਸ਼ਰਾਬ ਦਾ ਗੜ੍ਹ ਹੈ ਇਹ ਇਲਾਕਾ 
ਸ਼ਰਾਬ ਦੇ ਮਹਿੰਗੇ ਹੋਣ ਕਾਰਣ ਇਸਦੇ ਬਦਲ ਵਜੋਂ ਨਾਜਾਇਜ਼ ਸ਼ਰਾਬ ਅਤੇ ਲਾਹਣ ਨੇ ਪੂਰੇ ਸੂਬੇ 'ਚ ਆਪਣੀ ਧਾਂਕ ਜਮਾਈ ਹੋਈ ਹੈ ਪਰ ਅਜਨਾਲਾ ਖੇਤਰ ਦਾ ਇਹ ਬੰਜਾਵਾਲਾ ਪਿੰਡ ਕਈ ਸਾਲਾਂ ਤੋਂ ਐਕਸਾਈਜ਼ ਵਿਭਾਗ ਅਤੇ ਪੁਲਸ ਲਈ ਸਿਰਦਰਦ ਬਣਿਆ ਹੋਇਆ ਹੈ। ਪਿਛਲੇ 3 ਸਾਲਾਂ ਤੋਂ ਇਸ ਇਲਾਕੇ 'ਚੋਂ ਲਗਭਗ ਤਿੰਨ ਲੱਖ ਤੋਂ ਵੱਧ ਲਿਟਰ ਲਾਹਣ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ ਕਈ ਲੋਕਾਂ 'ਤੇ ਪਰਚੇ ਵੀ ਹੋਏ ਹਨ ਪਰ ਇਸਦੇ ਬਾਵਜੂਦ ਵੀ ਇਹ ਇਲਾਕਾ ਸੁਧਰਨ ਦਾ ਨਾਂ ਨਹੀਂ ਲੈਂਦਾ। ਪੁਲਸ ਵਲੋਂ ਛਾਪਾ ਮਾਰਨ ਤੋਂ ਬਾਅਦ ਜੇਕਰ ਸਮੱਗਲਰ ਨੂੰ ਫੜਿਆ ਜਾਂਦਾ ਹੈ ਤਾਂ ਜ਼ਮਾਨਤ ਉਪਰੰਤ ਉਹ ਫਿਰ ਉੱਥੇ ਕੰਮ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਪੁਲਸ ਕੋਲ 61/1/14 ਆਬਕਾਰੀ ਅਧਿਨਿਯਮ ਤੋਂ ਇਲਾਵਾ ਹੋਰ ਕੋਈ ਮਾਮਲਾ ਦਰਜ ਕਰਨ ਦਾ ਪ੍ਰਬੰਧ ਨਹੀਂ ਹੈ। ਅਜਿਹੇ ਕੇਸ ਵਿਚ ਤੁਰੰਤ ਜ਼ਮਾਨਤ ਮਿਲ ਜਾਂਦੀ ਹੈ ਅਤੇ ਪੇਸ਼ੇਵਰ ਲੋਕ ਫਿਰ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਨ।

ਇਹ ਵੀ ਪੜ੍ਹੋ : ਹੈਵਾਨੀਆਂ ਦੀਆਂ ਹੱਦਾਂ ਪਾਰ, 30 ਸਾਲਾ ਜਨਾਨੀ ਨੂੰ ਨੌਜਵਾਨਾਂ ਨੇ ਬਣਾਇਆ ਆਪਣੀ ਹਵਸ ਦਾ ਸ਼ਿਕਾਰ

ਸ਼ਰਾਬੀਆਂ ਦਾ ਸਵਾਦ ਜਾਂ ਭੁਲੇਖਾ?
ਇਸ ਇਲਾਕੇ 'ਚ ਲਾਹਨ ਦਾ ਜ਼ਿਆਦਾ ਬਣਨਾ ਅਤੇ ਵਿਕਰੀ ਦੋਵਾਂ ਦਾ ਆਪਸ ਵਿਚ ਮੇਲ ਹੈ । ਇਸ ਇਲਾਕੇ ਵਿਚ ਬਣਨ ਵਾਲੀ ਲਾਹਣ ਨਾਲੇ ਦੇ ਕੰਢੇ 'ਤੇ ਬਣਾਈ ਜਾਂਦੀ ਹੈ ਅਤੇ ਉੱਥੇ ਹੀ ਇਸਦੀਆਂ ਭੱਠੀਆਂ ਸਮੱਗਲਰਾਂ ਨੇ ਬਣਾਈਆਂ ਹੋਈਆਂ ਹਨ। ਵੱਡੀ ਗੱਲ ਹੈ ਕਿ ਲਾਹਣ ਬਣਾਉਣ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਸ਼ਰਾਬ ਅਤੇ ਲਾਹਣ ਦੇ ਸਮੱਗਲਰ ਸੱਕੀ ਨਾਲੇ ਤੋਂ ਹੀ ਪਾਣੀ ਲੈ ਕੇ ਸ਼ਰਾਬ ਬਣਾਉਂਦੇ ਹਨ। ਪਾਣੀ ਗੰਦਾ ਹੋਣ ਕਾਰਣ ਖਾਰਾ ਅਤੇ ਅਜੀਬ ਤਰ੍ਹਾਂ ਦੀ ਬਦਬੂ ਮਾਰਦਾ ਹੈ। ਜ਼ਿਆਦਾਤਰ ਪਿਆਕੜ ਲੋਕਾਂ ਨੂੰ ਭੁਲੇਖਾ ਹੈ ਕਿ ਇਸ ਨਾਲੇ 'ਚ ਬਣੀ ਹੋਈ ਸ਼ਰਾਬ ਬਹੁਤ ਸਵਾਦ ਹੁੰਦੀ ਹੈ। ਇਹੀ ਕਾਰਣ ਹੈ ਕਿ ਇਸ ਇਲਾਕੇ ਦੇ ਲਾਹਣ ਸਮੱਗਲਰਾਂ ਦੀ ਟੀ. ਆਰ. ਪੀ. ਦੂਰ-ਦੂਰ ਤਕ ਬਣੀ ਹੋਈ ਹੈ ਅਤੇ ਇੱਥੋਂ ਦਾ ਮਾਲ ਦੂਜੇ ਇਲਾਕੇ ਤੋਂ ਜ਼ਿਆਦਾ ਮਹਿੰਗਾ ਵਿਕਦਾ ਹੈ। ਇਸ ਲਾਹਣ ਤੋਂ ਬਣੀ ਸ਼ਰਾਬ ਦੇ ਵਿਕ੍ਰੇਤਾ ਸ਼ਾਨ ਨਾਲ ਕਹਿੰਦੇ ਹਨ ਕਿ 'ਬੰਜਾਵਾਲੇ ਨਾਲੇ ਦੇ ਪਾਣੀ ਦਾ ਸੌਦਾ ਹੈ ਭਾਊ ਜੀ, ਕੋਈ ਖਾਲਾ ਜੀ ਦਾ ਵਾੜਾ ਨਹੀਂ'। ਇਸ ਇਲਾਕੇ 'ਚ ਸ਼ਰਾਬ ਬਣਾਉਣ ਵਾਲਿਆਂ ਨੂੰ ਸਭ ਤੋਂ ਵੱਡੀ ਸਹੂਲਤ ਇਹ ਵੀ ਹੈ ਕਿ ਜਦੋਂ ਵੀ ਕੋਈ ਛਾਪਾਮਾਰ ਟੀਮ ਇੱਥੇ ਆਉਂਦੀ ਹੈ ਤਾਂ ਉਹ ਨਾਲੇ 'ਚ ਛਾਲ ਮਾਰ ਦਿੰਦੇ ਹਨ। ਗੰਦੇ ਨਾਲੇ ਦਾ ਪਾਣੀ ਵੇਖ ਕੇ ਕਿਸੇ ਵੀ ਛਾਪਾਮਾਰ ਟੀਮ ਦਾ ਵਿਅਕਤੀ ਉਨ੍ਹਾਂ ਨੂੰ ਫੜਨ ਲਈ ਤਿਆਰ ਨਹੀਂ ਹੁੰਦਾ ਅਤੇ ਇਹ ਬੇਖੌਫ਼ ਹੋ ਕੇ ਦੂਜੇ ਕੰਢੇ ਤੋਂ ਨਿਕਲ ਕੇ ਫਰਾਰ ਹੋ ਜਾਂਦੇ ਹਨ। ਇਹੀ ਕਾਰਣ ਹੈ ਕਿ ਇਸ ਇਲਾਕੇ ਨੂੰ ਸ਼ਰਾਬ ਦੇ ਸਮੱਗਲਰ ਆਪਣਾ ਸਵਰਗ ਮੰਨਦੇ ਹਨ ਅਤੇ ਇੱਥੇ ਵਿਭਾਗ ਵੱਲੋਂ ਸ਼ਰਾਬ ਦੀ ਬਰਾਮਦਗੀ ਦਾ ਅੰਕੜਾ ਤਾਂ ਅਸਮਾਨ ਨੂੰ ਛੂਹਦਾ ਹੈ ਪਰ ਗ੍ਰਿਫਤਾਰੀ ਨਾ ਦੇ ਬਰਾਬਰ ਹੁੰਦੀ ਹੈ।


Baljeet Kaur

Content Editor

Related News