ਡਰੱਗ ਫੈਕਟਰੀ ਮਾਮਲੇ ''ਚ ਅਕਾਲੀ ਨੇਤਾ ਗ੍ਰਿਫਤਾਰ

02/20/2020 9:06:35 AM

ਅੰਮ੍ਰਿਤਸਰ : ਸੁਲਤਾਨਵਿੰਡ ਖੇਤਰ 'ਚ ਅਕਾਲੀ ਨੇਤਾ ਦੀ ਕੋਠੀ 'ਚ ਚੱਲ ਰਹੀ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ 'ਚੋਂ ਬਰਾਮਦ ਕੀਤੀ ਗਈ 194 ਕਿਲੋ ਹੈਰੋਇਨ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਅਤੇ ਐੱਸ. ਐੱਸ. ਬੋਰਡ ਦੇ ਸਾਬਕਾ ਮੈਂਬਰ ਅਨਵਰ ਮਸੀਹ ਨੂੰ ਸਪੈਸ਼ਲ ਟਾਸਕ ਫੋਰਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੂੰ ਬਾਅਦ ਦੁਪਹਿਰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਜਾਂਚ ਲਈ 2 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ, ਜਿਸ ਦੀ ਪੁਸ਼ਟੀ ਐੱਸ. ਟੀ. ਐੱਫ. ਦੇ ਆਈ. ਜੀ. ਕੌਸਤੁਭ ਸ਼ਰਮਾ ਨੇ ਕੀਤੀ। ਅਨਵਰ ਮਸੀਹ ਨੂੰ ਬੁੱਧਵਾਰ ਮਾਮਲੇ 'ਚ ਚੱਲ ਰਹੀ ਜਾਂਚ ਲਈ ਐੱਸ. ਟੀ. ਐੱਫ. ਦਫ਼ਤਰ ਬੁਲਾਇਆ ਗਿਆ ਸੀ, ਜਿਥੇ ਉਹ ਪੁੱਛੇ ਜਾ ਰਹੇ ਸਵਾਲਾਂ ਦਾ ਕੋਈ ਠੋਸ ਜਵਾਬ ਨਹੀਂ ਦੇ ਸਕਿਆ, ਜਿਸ 'ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੱਸਣਯੋਗ ਹੈ ਕਿ ਸਪੈਸ਼ਲ ਟਾਸਕ ਫੋਰਸ ਨੇ 1 ਫਰਵਰੀ ਦੀ ਵਿਚਕਾਰਲੀ ਰਾਤ ਸੁਲਤਾਨਵਿੰਡ ਖੇਤਰ 'ਚ ਸਥਿਤ ਅਨਵਰ ਮਸੀਹ ਦੀ ਕੋਠੀ 'ਚ ਚੱਲ ਰਹੀ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ ਨੂੰ ਬੇਨਕਾਬ ਕਰ ਕੇ ਉਥੋਂ 194 ਕਿਲੋ ਹੈਰੋਇਨ ਸਮੇਤ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ 'ਚ ਇਕ ਅਫਗਾਨੀ ਨਾਗਰਿਕ ਵੀ ਸੀ। 1 ਫਰਵਰੀ ਦੀ ਸਵੇਰ ਐੱਸ. ਟੀ. ਐੱਫ. ਨੇ ਇਸ ਪੂਰੇ ਰੈਕੇਟ ਨੂੰ ਚਲਾਉਣ ਵਾਲੇ ਅੰਕੁਸ਼ ਕਪੂਰ ਨੂੰ ਉਸ ਦੇ ਸਾਥੀ ਹੈਪੀ ਨਾਲ 6 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ। ਐੱਸ. ਟੀ. ਐੱਫ. ਵਲੋਂ ਅਨਵਰ ਮਸੀਹ ਨੂੰ ਵਾਰ-ਵਾਰ ਨੋਟਿਸ ਭੇਜੇ ਜਾਣ ਤੋਂ ਬਾਅਦ ਸਮੱਗਲਰਾਂ ਦੇ ਗ੍ਰਿਫਤਾਰ ਹੋਣ ਦੇ 7 ਦਿਨਾਂ ਬਾਅਦ ਉਹ ਪਹਿਲੀ ਵਾਰ ਜਾਂਚ 'ਚ ਸ਼ਾਮਲ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਬੁੱਧਵਾਰ ਫਿਰ ਬੁਲਾਇਆ ਗਿਆ ਸੀ। ਐੱਸ. ਟੀ. ਐੱਫ. ਵੱਲੋਂ ਅਨਵਰ ਮਸੀਹ ਨੂੰ 2 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਇਨ੍ਹਾਂ 2 ਦਿਨਾਂ 'ਚ ਐੱਸ. ਟੀ. ਐੱਫ. ਉਸ ਤੋਂ ਗੰਭੀਰਤਾ ਨਾਲ ਜਾਂਚ ਕਰੇਗੀ ਅਤੇ ਉਸ ਦੇ ਸਮੱਗਲਰਾਂ ਨਾਲ ਸਬੰਧਾਂ ਨੂੰ ਵੀ ਖੰਗਾਲਿਆ ਜਾਵੇਗਾ।

ਅਨਵਰ ਮਸੀਹ ਦੀ ਕੋਠੀ 'ਚ ਚੱਲ ਰਹੀ ਸੀ ਲੈਬਾਰਟਰੀ
ਐੱਸ. ਟੀ. ਐੱਫ. ਵੱਲੋਂ ਬੇਨਕਾਬ ਕੀਤੀ ਗਈ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ ਅਕਾਲੀ ਨੇਤਾ ਅਨਵਰ ਮਸੀਹ ਦੀ ਕੋਠੀ 'ਚ ਚੱਲ ਰਹੀ ਸੀ, ਜਿਸ ਬਾਰੇ ਪੁਲਸ ਪੁੱਛਗਿੱਛ ਕਰ ਰਹੀ ਸੀ। ਮੀਡੀਆ 'ਚ ਅਨਵਰ ਮਸੀਹ ਦਾ ਕਹਿਣਾ ਸੀ ਕਿ ਉਸ ਨੇ ਇਹ ਕੋਠੀ ਕਿਰਾਏ 'ਤੇ ਦੇ ਰੱਖੀ ਹੈ ਅਤੇ ਉਸ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਥੇ ਹੈਰੋਇਨ ਰਿਫਾਈਨਰੀ ਦੀ ਲੈਬਾਰਟਰੀ ਚਲਾਈ ਜਾ ਰਹੀ ਹੈ। ਅੱਜ ਐੱਸ. ਟੀ. ਐੱਫ. ਵੱਲੋਂ ਅਨਵਰ ਮਸੀਹ ਤੋਂ ਕੋਠੀ ਦਾ ਕਿਰਾਏਨਾਮਾ ਅਤੇ ਹੋਰ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ, ਜਦੋਂ ਕਿ ਉਹ ਕੁਝ ਵੀ ਦਿਖਾ ਨਹੀਂ ਸਕੇ।


Baljeet Kaur

Content Editor

Related News