ਪੰਜਾਬ ''ਚ ਇਕ ਲੱਖ ਤੋਂ ਵੱਧ ਲੋਕਾਂ ਨੂੰ ਆਵਾਰਾ ਕੁੱਤਿਆ ਨੇ ਵੱਢਿਆ
Monday, Mar 04, 2019 - 12:50 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਆਵਾਰਾ ਕੁੱਤਿਆਂ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ ਸਾਲ ਪੰਜਾਬ 'ਚ ਆਵਾਰਾ ਕੁੱਤਿਆਂ ਨੇ 1 ਲੱਖ 15 ਹਜ਼ਾਰ ਲੋਕਾਂ ਨੂੰ ਵੱਢਿਆ, ਜਿਨ੍ਹਾਂ 'ਚੋਂ ਕਈਆਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖਮੀ ਹੋ ਗਏ। ਇਸ ਦੀ ਗਰਾਊਂਡ ਰਿਪੋਰਟ ਚੈੱਕ ਕਰਨ ਤੇ ਇਹ ਦੇਖਣ ਨੂੰ ਮਿਲਿਆ ਕਿ ਇਨ੍ਹਾਂ ਕੁੱਤਿਆਂ ਦੀ ਸਮੱਸਿਆ ਨਾਲ ਸਿਰਫ ਪੰਜਾਬ ਦੇ ਲੋਕ ਹੀ ਨਹੀਂ ਸਗੋਂ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਨੀ ਵੀ ਪੀੜਤ ਹਨ। ਆਲਮ ਇਹ ਹੈ ਕਿ ਹੈਰੀਟੇਜ ਸਟ੍ਰੀਟ 'ਤੇ ਅਵਾਰਾਂ ਕੁੱਤਿਆਂ ਦੀ ਭਰਮਾਰ ਹੈ ਤੇ ਅੱਜ ਭਾਵੇ ਸਰਕਾਰ ਵਲੋਂ ਕਰੋੜਾਂ ਰੁਪਏ ਇਸ ਸਥਾਨ 'ਤੇ ਖਰਚੇ ਗਏ ਹਨ ਪਰ ਕੁੱਤਿਆਂ ਦੀ ਸਮੱਸਿਆ ਤੋਂ ਲੋਕ ਬਹੁਤ ਪਰੇਸ਼ਾਨ ਹਨ। ਕੁੱਤੇ ਸੜਕਾਂ 'ਤੇ ਆਰਾਮ ਨਾਲ ਸੌ ਰਹੇ ਹੁੰਦੇ ਹਨ ਤੇ ਜਨਤਾ ਡਰ 'ਚ ਰਹਿੰਦੀ ਹੈ। ਇਸ ਸਬੰਧ ਜਦੋਂ ਉਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਇਕ ਪਵਿੱਤਰ ਧਾਮ ਹੈ, ਜਿਥੇ ਦੂਰੋਂ-ਦੂਰੋਂ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ। ਇਸ ਸਥਾਨ 'ਤੇ ਕੁੱਤਿਆਂ ਦਾ ਹੋਣਾ ਬਹੁਤ ਖਤਰਨਾਕ ਹੈ ਕਿਉਂਕਿ ਕੁੱਤੇ ਕਿਸੇ ਵੀ ਸਮੇਂ ਉਥੇ ਮੌਜੂਦ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ।
ਇਸ ਸਬੰਧੀ ਜਦੋਂ ਅੰਮ੍ਰਿਤਸਰ ਦੇ ਮੇਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੱਸਿਆ ਕਿ ਇਸ ਸਾਲ ਦੋ ਆਪਰੇਸ਼ਨ ਥਿਏਟਰ ਕੁੱਤਿਆਂ ਲਈ ਖੋਲ੍ਹੇ ਜਾ ਰਹੇ ਹਨ, ਜਿਥੇ ਇਨ੍ਹਾਂ ਦੀ ਨਸਬੰਦੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕਾਨੂੰਨ ਤਹਿਤ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।