ਅੰਮ੍ਰਿਤਸਰ ''ਚ ਡੇਂਗੂ ਨੇ ਪਸਾਰੇ ਪੈਰ, 2 ਦੀ ਮੌਤ

10/12/2019 1:46:39 PM

ਅੰਮ੍ਰਿਤਸਰ (ਜਸ਼ਨ) : ਅਜਨਾਲਾ 'ਚ ਡੇਂਗੂ ਦੇ ਕਹਿਰ ਤੋਂ ਬਾਅਦ ਇਸ ਰੋਗ ਨੇ ਹੁਣ ਅੰਮ੍ਰਿਤਸਰ ਸ਼ਹਿਰ 'ਚ ਵੀ ਦਸਤਕ ਦੇ ਦਿੱਤੀ ਹੈ। ਇਸ ਰੋਗ ਨਾਲ ਇਕ ਨਿੱਜੀ ਹਸਪਤਾਲ 'ਚ ਇਲਾਜ ਕਰਵਾ ਰਹੇ ਇਕ ਮਰੀਜ਼ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਸਿਹਤ ਵਿਭਾਗ ਦਾ ਦਾਅਵਾ ਹੈ ਕਿ ਰਿਪੋਰਟ 'ਚ ਅਜੇ ਤੱਕ ਅਜਿਹਾ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ, ਜਿਸ ਬਾਰੇ ਕਿਹਾ ਜਾਵੇ ਕਿ ਸ਼ਹਿਰ 'ਚ ਡੇਂਗੂ ਦਾ ਅਸਰ ਹੈ। ਜ਼ਿਕਰਯੋਗ ਹੈ ਕਿ ਅਜਨਾਲਾ 'ਚ ਪਿਛਲੇ ਕੁਝ ਦਿਨਾਂ ਤੋਂ ਕਈ ਲੋਕ ਇਸ ਰੋਗ ਤੋਂ ਪੀੜਤ ਹਨ, ਜੋ ਸਿਵਲ ਹਸਪਤਾਲ ਅਜਨਾਲਾ ਤੇ ਉਥੋਂ ਦੇ ਕੁਝ ਨਿੱਜੀ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ।

ਜਾਣਕਾਰੀ ਅਨੁਸਾਰ ਵੀਰਵਾਰ ਨੂੰ ਹਾਲਾਤ ਉਸ ਵੇਲੇ ਵਿਗੜੇ ਜਦੋਂ 2 ਲੋਕਾਂ ਦੀ ਡੇਂਗੂ ਕਾਰਨ ਮੌਤ ਹੋ ਗਈ। ਉਥੇ ਹੀ ਜਾਣਕਾਰੀ ਮਿਲੀ ਹੈ ਕਿ ਅਜਨਾਲਾ ਹਸਪਤਾਲ ਵਿਚ ਡੇਂਗੂ ਦੇ 10 ਤੋਂ 12 ਮਰੀਜ਼ ਨਿੱਤ ਦਾਖਲ ਹੋ ਰਹੇ ਹਨ। ਹੈਰਾਨੀਜਨਕ ਪਹਿਲੂ ਇਹ ਹੈ ਕਿ ਇਸ ਦੇ ਬਾਵਜੂਦ ਸਰਕਾਰੀ ਵਿਭਾਗਾਂ ਵੱਲੋਂ ਨਾ ਤਾਂ ਫੌਗਿੰਗ ਤੇ ਨਾ ਹੀ ਸਪ੍ਰੇਅ ਕਰਵਾਈ ਜਾ ਰਹੀ ਹੈ, ਜਿਸ ਕਾਰਨ ਡੇਂਗੂ ਰੋਗ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਕੁਝ ਨਿੱਜੀ ਹਸਪਤਾਲਾਂ 'ਚ ਡੇਂਗੂ ਰੋਗ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਦਾਖਲ ਹੋਣ ਦਾ ਸਮਾਚਾਰ ਹੈ, ਜਦਕਿ ਨਿੱਜੀ ਹਸਪਤਾਲ ਵਾਲੇ ਇਸ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਦੇ ਰਹੇ।

ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲਾ ਮਲੇਰੀਆ ਅਫਸਰ ਡਾ. ਮਦਨ ਮੋਹਨ ਨੇ ਦੱਸਿਆ ਕਿ ਅਜਨਾਲਾ ਵਾਲੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ, ਅੰਮ੍ਰਿਤਸਰ ਬਾਰੇ ਅਜੇ ਤੱਕ ਵਿਭਾਗ ਕੋਲ ਕੋਈ ਅਜਿਹੀ ਰਿਪੋਰਟ ਨਹੀਂ ਹੈ, ਜਿਸ ਨਾਲ ਡੇਂਗੂ ਦੀ ਪੁਸ਼ਟੀ ਹੋ ਸਕੇ। ਵਿਭਾਗ ਤਦ ਤੱਕ ਕਿਸੇ ਨੂੰ ਡੇਂਗੂ ਪਾਜ਼ੇਟਿਵ ਐਲਾਨ ਨਹੀਂ ਕਰਦਾ, ਜਦੋਂ ਤੱਕ ਉਸ ਦਾ ਟੈਸਟ ਸਰਕਾਰੀ ਮੈਡੀਕਲ ਕਾਲਜ ਸਥਿਤ ਲੈਬ ਤੋਂ ਨਾ ਕਰਵਾਇਆ ਜਾਵੇ। ਵਿਭਾਗ ਦੀਆਂ 15 ਟੀਮਾਂ ਰੋਜ਼ਾਨਾ ਫੌਗਿੰਗ ਤੇ ਸਪ੍ਰੇਅ ਕਰ ਰਹੀਆਂ ਹਨ। ਨਗਰ ਨਿਗਮ ਦਾ ਵੀ ਫਰਜ਼ ਬਣਦਾ ਹੈ ਪਰ ਵਾਰ-ਵਾਰ ਲਿਖਣ 'ਤੇ ਵੀ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ।


Baljeet Kaur

Content Editor

Related News