ਭਾਈ ਲੌਂਗੋਵਾਲ ਦਾ ਮੁੜ ਪ੍ਰਧਾਨ ਬਣਨਾ ਲਗਭਗ ਤੈਅ !

11/24/2019 1:49:21 PM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਜਿਸ ਯੋਜਨਾਬੱਧ ਤਰੀਕੇ ਨਾਲ ਪ੍ਰਬੰਧ ਕੀਤੇ ਗਏ, ਉਸ ਦੀ ਮਿਸਾਲ ਕਮੇਟੀ ਦੇ ਇਤਿਹਾਸ 'ਚ ਕਿਤੇ ਨਹੀਂ ਮਿਲਦੀ। ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਪੰਥ ਦੀ ਮਰਿਆਦਾ ਤਹਿਤ ਪੰਥ ਦੀ ਆਨ, ਬਾਨ ਤੇ ਸ਼ਾਨ ਤਹਿਤ ਜੋ ਨਗਰ ਕੀਰਤਨ ਭਾਰਤ ਦੇ 17 ਸੂਬਿਆਂ 'ਚ ਜਾ ਕੇ ਸੰਗਤ ਨੂੰ ਨਿਹਾਲ ਕਰ ਪਾਇਆ, ਉਸ ਦਾ ਸਿਹਰਾ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਉਨ੍ਹਾਂ ਦੀ ਪ੍ਰਬੰਧਕੀ ਟੀਮ ਨੂੰ ਜਾਂਦਾ ਹੈ। ਜਿਥੇ ਸੰਗਤ ਨੇ 'ਨਾਨਕ ਆਇਆ, ਨਾਨਕ ਆਇਆ' ਨਾਮ ਦਾ ਜਾਪ ਕਰ ਕੇ ਨਗਰ ਕੀਰਤਨ ਦਾ ਕਦਮ-ਕਦਮ 'ਤੇ ਸ਼ਰਧਾ ਨਾਲ ਆਦਰ ਤੇ ਸਤਿਕਾਰ ਕੀਤਾ।

ਸ਼ਾਇਦ ਅਜਿਹਾ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਪੰਥ ਦੇ ਇਤਿਹਾਸ 'ਚ ਪਹਿਲਾਂ ਕਦੇ ਵੀ ਨਹੀਂ ਮਿਲਦਾ। ਨਗਰ ਕੀਰਤਨ ਦੇ ਸਾਰੇ ਧਰਮਾਂ ਦੇ ਲੋਕਾਂ ਨੇ ਦਰਸ਼ਨ ਕੀਤੇ, ਫੁੱਲਾਂ ਦੀ ਵਰਖਾ ਕੀਤੀ ਅਤੇ ਸਿਰ ਝੁਕਾ ਕੇ ਨਨਕਾਣਾ ਸਾਹਿਬ ਵੱਲੋਂ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦੇ ਦਰਸ਼ਨ ਕੀਤੇ। ਇਸ ਦਾ ਪੁੰਨ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਹੀ ਜਾਂਦਾ ਹੈ। ਇਹ ਇਤਿਹਾਸ ਦੇ ਸੁਨਹਿਰੀ ਸ਼ਬਦਾਂ 'ਚ ਲਿਖਿਆ ਜਾ ਚੁੱਕਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਨਗਰ ਕੀਰਤਨ ਨਾਲ ਸ਼੍ਰੋਮਣੀ ਕਮੇਟੀ ਨੂੰ ਕਰੋੜਾਂ ਰੁਪਏ ਦੀ ਆਮਦਨੀ ਹੋਈ, ਉਥੇ ਹੀ ਪ੍ਰਬੰਧਾਂ 'ਤੇ ਵਿਉਂਤਬੱਧ ਢੰਗ ਨਾਲ ਜੋ ਖਰਚਾ ਹੋਇਆ, ਉਸ ਦੀ ਵੀ ਕੋਈ ਹੱਦ ਨਹੀਂ ਰਹੀ।

ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ 'ਚ ਜੋ ਵੀ ਪ੍ਰੋਗਰਾਮ ਕੀਤੇ ਗਏ, 'ਚ ਦੇਸ਼ ਦੇ ਰਾਸ਼ਟਰਪਤੀ, ਕਈ ਮੰਤਰੀਆਂ ਅਤੇ ਮੁੱਖ ਮੰਤਰੀਆਂ ਨੇ ਆ ਕੇ ਵਾਹਿਗੁਰੂ ਕੋਲੋਂ ਆਸ਼ੀਰਵਾਦ ਲਿਆ। ਅਜਿਹੀ ਮਿਸਾਲ ਦਾ ਪਿਛਲੀ ਮਨਾਈ ਗਈ ਸ਼ਤਾਬਦੀ ਨਾਲ ਮੇਲ ਨਹੀਂ ਕੀਤਾ ਜਾ ਸਕਦਾ। ਲੱਖਾਂ ਦੀ ਗਿਣਤੀ 'ਚ ਸੰਗਤ ਨੇ 24 ਘੰਟੇ ਲਗਾਤਾਰ ਲਾਈਨਾਂ ਵਿਚ ਖੜ੍ਹੇ ਹੋ ਕੇ ਗੁ. ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ 'ਚ ਨਤਮਸਤਕ ਹੋ ਕੇ ਗੁਰੂ ਦੇ ਦਰਸ਼ਨ ਕਰ ਕੇ ਆਸ਼ੀਰਵਾਦ ਲਿਆ। ਚਾਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ ਸਟੇਜ ਦੇ ਮੁੱਦੇ ਨੂੰ ਲੈ ਕੇ ਮਾਮੂਲੀ ਜਿਹਾ ਤਣਾਅ ਤਾਂ ਜ਼ਰੂਰ ਕੀਤਾ ਪਰ ਵਾਹਿਗੁਰੂ ਦੀ ਕ੍ਰਿਪਾ ਨਾਲ ਕੋਈ ਵੀ ਵਿਵਾਦ ਨਹੀਂ ਹੋਇਆ। ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੇ ਯਤਨਾਂ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ।

ਸੋਨੇ 'ਤੇ ਸੁਹਾਗਾ ਤਦ ਹੋਇਆ ਜਦ ਭਾਰਤ-ਪਾਕਿਸਤਾਨ 'ਚ ਤਣਾਅ ਦੇ ਬਾਵਜੂਦ ਸੰਗਤ ਅਤੇ ਗੁਰੂ ਦੇ ਸਹਿਯੋਗ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਗਿਆ। ਹਾਲਾਤ ਮੁਤਾਬਕ ਸਾਰੀਆਂ ਸਿਆਸੀ ਪਾਰਟੀਆਂ ਸੰਗਤ ਦੇ ਸਹਿਯੋਗ ਨਾਲ ਇਕ ਧਾਰਮਿਕ ਮੰਚ 'ਤੇ ਇਕੱਠੀਆਂ ਹੋਈਆਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੀ ਸਫਲਤਾ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਣਥੱਕ ਯਤਨ ਕੀਤੇ। ਇਸ ਸ਼ਤਾਬਦੀ ਨੂੰ ਸਫਲ ਬਣਾਉਣ ਲਈ ਜੋ ਵੱਡੀ ਕੋਸ਼ਿਸ਼ ਕੀਤੀ ਗਈ, ਉਸ ਨੂੰ ਅੱਜ ਚਾਰ ਚੰਨ ਲੱਗੇ ਹਨ।

27 ਨਵੰਬਰ ਨੂੰ ਹੋਣ ਵਾਲੀ ਚੋਣ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ ਪ੍ਰਧਾਨ ਕੌਣ ਹੋਣਗੇ। ਇਹ ਰਾਜ਼ ਹਮੇਸ਼ਾ ਬਾਦਲ ਪਰਿਵਾਰ ਨੇ ਸੰਗਤ ਨੂੰ ਨਵੇਂ ਪ੍ਰਧਾਨ ਦੀ ਨਿਯੁਕਤੀ ਲਈ ਹਰ ਸਾਲ ਆਸ 'ਚ ਤਬਦੀਲ ਕਰ ਕੇ ਰੱਖਿਆ ਤਾਂ ਹੈ ਪਰ ਬਾਦਲ ਪਰਿਵਾਰ ਦਾ ਹਰ ਸਾਲ ਪ੍ਰਧਾਨ ਅਹੁਦੇ ਦੀ ਨਿਯੁਕਤੀ ਦਾ ਫੈਸਲਾ ਕਰਨਾ ਹਮੇਸ਼ਾ ਪੰਥ ਲਈ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਦਾ ਹੈ। ਮੌਜੂਦਾ ਪ੍ਰਧਾਨ ਭਾਈ ਲੌਂਗੋਵਾਲ ਦੀ ਅਥਾਹ ਮਿਹਨਤ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ ਕਿਉਂਕਿ ਉਨ੍ਹਾਂ ਦੀ ਈਮਾਨਦਾਰੀ, ਪੰਥ ਪ੍ਰਤੀ ਠੀਕ ਸੋਚ, ਬਦਲੇ ਦੀ ਭਾਵਨਾ ਨੂੰ ਏਕਤਾ 'ਚ ਬਦਲਣਾ, ਰਾਜਨੀਤਕ ਮਾਹੌਲ 'ਚ ਗੁਰੂ ਨਾਲ ਮਿਲ ਕੇ ਚੁੱਪ ਰਹਿਣਾ ਅਤੇ ਬਿਨਾਂ ਕਿਸੇ ਲਾਲਚ ਦੇ ਵਾਹਿਗੁਰੂ ਦੀ ਸੇਵਾ ਕਰਨੀ, ਇਹ ਵੀ ਭਾਈ ਲੌਂਗੋਵਾਲ ਵਿਚ ਮੌਜੂਦ ਹਨ। ਉਨ੍ਹਾਂ ਦੇ ਕੀਤੇ ਕੰਮ ਅਗਲੇ ਪ੍ਰਧਾਨ ਅਹੁਦੇ ਨੂੰ ਹਾਸਲ ਕਰਨ 'ਚ ਸਫਲਤਾ ਜ਼ਰੂਰ ਦੇਣਗੇ ਤਾਂ ਕਿ ਜਨਵਰੀ 2020 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਦੀ 100ਵੀਂ ਸ਼ਤਾਬਦੀ ਧੂਮਧਾਮ ਨਾਲ ਮਨਾਈ ਜਾਵੇਗੀ। ਉਮੀਦ ਹੈ ਕਿ ਜੋ ਸੁਨੇਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਹੈ, ਉਸ ਨੂੰ ਬਾਦਲ ਪਰਿਵਾਰ ਕਿਸੇ ਵੀ ਰਾਜਨੀਤੀ ਦੇ ਦਬਾਅ ਹੇਠ ਨਾ ਆ ਕੇ ਵਾਹਿਗੁਰੂ ਤੋਂ ਬੇਮੁੱਖ ਨਹੀਂ ਹੋਵੇਗਾ।

 


Baljeet Kaur

Edited By Baljeet Kaur