ਪ੍ਰਸ਼ਾਸਨ ਦੀ ''ਭਿਖਾਰੀ ਪੁਨਰਵਾਸ'' ਮੁਹਿੰਮ ਹੋਈ ਠੱਪ

01/20/2020 10:33:09 AM

ਅੰਮ੍ਰਿਤਸਰ (ਨੀਰਜ) : ਜ਼ਿਲਾ ਪ੍ਰਸ਼ਾਸਨ ਵੱਲੋਂ ਗੁਰੂ ਨਗਰੀ 'ਚ ਭੀਖ ਮੰਗਣ 'ਤੇ ਪਾਬੰਦੀ ਲਾਈ ਗਈ ਹੈ ਅਤੇ ਭਿਖਾਰੀਆਂ ਲਈ ਰੈਣ ਬਸੇਰਾ ਬਣਾਇਆ ਗਿਆ ਹੈ। ਸਾਲ 2008 ਦੌਰਾਨ ਤਤਕਾਲੀਨ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਵੱਲੋਂ ਬਾਕਾਇਦਾ ਭਿਖਾਰੀਆਂ ਦਾ ਪੁਨਰਵਾਸ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜੋ ਮੌਜੂਦਾ ਹਾਲਾਤ 'ਚ ਠੱਪ ਨਜ਼ਰ ਆ ਰਹੀ ਹੈ। ਆਲਮ ਇਹ ਹੈ ਕਿ ਪ੍ਰਸ਼ਾਸਨ ਵਲੋਂ ਚਲਾਏ ਜਾ ਰਹੇ ਰੈਣ ਬਸੇਰੇ 'ਚ ਇਸ ਸਮੇਂ ਸਿਰਫ 8 ਭਿਖਾਰੀ ਹੀ ਬਚੇ ਹਨ। ਜ਼ਿਆਦਾਤਰ ਮੰਗਤੇ ਰੈਣ ਬਸੇਰੇ ਤੋਂ ਭੱਜ ਕੇ ਫਿਰ ਭੀਖ ਮੰਗਣ ਦੇ ਕੰਮ 'ਚ ਜੁੱਟ ਗਏ ਹਨ। ਰੈਣ ਬਸੇਰੇ ਦੀ ਗੱਲ ਕਰੀਏ ਤਾਂ ਇਸ ਵਿਚ ਰਹਿਣ ਵਾਲੇ ਬੇਸਹਾਰਾ ਲੋਕਾਂ ਲਈ ਖਾਣ-ਪੀਣ ਦੀ ਮੁਫਤ ਸਹੂਲਤ, ਸਿਹਤ ਸੁਵਿਧਾ, ਰਹਿਣ-ਸਹਿਣ ਦੇ ਸਾਰੇ ਪ੍ਰਬੰਧ ਅਤੇ ਮਨੋਰੰਜਨ ਲਈ ਐੱਲ. ਈ. ਡੀ. ਟੀ. ਵੀ. ਤੱਕ ਲੱਗਾ ਹੋਇਆ ਹੈ ਪਰ ਫਿਰ ਵੀ ਜ਼ਿਆਦਾਤਰ ਭਿਖਾਰੀ ਇਸ ਵਿਚ ਰਹਿ ਕੇ ਖੁਸ਼ ਨਹੀਂ ਹਨ।

ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਕਾਫ਼ੀ ਸਮੇਂ ਤੋਂ ਭਿਖਾਰੀ ਪੁਨਰਵਾਸ ਮੁਹਿੰਮ ਨਹੀਂ ਚਲਾਈ ਗਈ। ਇਸ ਮੁਹਿੰਮ ਤਹਿਤ ਤਹਿਸੀਲਦਾਰ ਅਤੇ ਹੋਰ ਅਧਿਕਾਰੀਆਂ ਦੀ ਨਿਗਰਾਨੀ 'ਚ ਇਕ ਵਿਸ਼ੇਸ਼ ਟੀਮ ਧਾਰਮਿਕ ਅਸਥਾਨਾਂ, ਚੌਕ-ਚੌਰਾਹਿਆਂ ਅਤੇ ਸਰਵਜਨਕ ਥਾਵਾਂ ਜਿਵੇਂ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ 'ਚ ਭੀਖ ਮੰਗਣ ਵਾਲਿਆਂ ਨੂੰ ਚੁੱਕਦੀ ਸੀ ਅਤੇ ਉਨ੍ਹਾਂ ਨੂੰ ਰੈਣ ਬਸੇਰਾ 'ਚ ਲਿਆਂਦਾ ਜਾਂਦਾ ਸੀ ਪਰ ਇਸ ਮੁਹਿੰਮ ਵੱਲ ਮੌਜੂਦਾ ਅਧਿਕਾਰੀਆਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਡੀ. ਸੀ. ਪੰਨੂ ਦੇ ਸਮੇਂ ਕੀਤਾ ਗਿਆ ਸੀ 800 ਭਿਖਾਰੀਆਂ ਦਾ ਪੁਨਰਵਾਸ
ਡੀ. ਸੀ. ਕਾਹਨ ਸਿੰਘ ਪੰਨੂ ਵੱਲੋਂ ਜਦੋਂ ਭਿਖਾਰੀ ਪੁਨਰਵਾਸ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਉਸ ਸਮੇਂ ਮਹਾਨਗਰ 'ਚ ਭਿਖਾਰੀਆਂ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਸੀ। ਹਰ ਚੌਕ-ਚੌਰਾਹੇ 'ਚ ਭਿਖਾਰੀਆਂ ਦੇ ਗੈਂਗ ਘੁੰਮਦੇ ਨਜ਼ਰ ਆਉਂਦੇ ਸਨ ਪਰ ਡੀ. ਸੀ. ਵੱਲੋਂ ਐੱਸ. ਡੀ. ਐੱਮ. ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ 'ਚ ਡਿਊਟੀ ਮੈਜਿਸਟ੍ਰੇਟਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ 800 ਤੋਂ ਵੱਧ ਭਿਖਾਰੀਆਂ ਨੂੰ ਫੜ ਕੇ ਰੈਣ ਬਸੇਰੇ 'ਚ ਲਿਆਂਦਾ ਗਿਆ।

ਅੰਮ੍ਰਿਤਸਰ 'ਚ ਰੋਜ਼ਾਨਾ ਆਉਂਦੇ ਹਨ 1 ਲੱਖ ਤੋਂ ਵੱਧ ਟੂਰਿਸਟ, ਭਿਖਾਰੀਆਂ ਕਾਰਣ ਸਰਕਾਰ ਦੀ ਛਵੀ ਹੁੰਦੀ ਹੈ ਖ਼ਰਾਬ
ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਰੋਜ਼ਾਨਾ 1 ਲੱਖ ਤੋਂ ਵੱਧ ਟੂਰਿਸਟ ਆਉਂਦੇ ਹਨ। ਅਟਾਰੀ ਬਾਰਡਰ 'ਤੇ ਹੋਣ ਵਾਲੀ ਪ੍ਰੇਡ ਦੇਖਣ ਲਈ ਵੀ ਰੋਜ਼ਾਨਾ 30 ਤੋਂ 40 ਹਜ਼ਾਰ ਟੂਰਿਸਟ ਆ ਰਹੇ ਹਨ। ਅਜਿਹੇ 'ਚ ਭਿਖਾਰੀਆਂ ਕਾਰਣ ਨਾ ਸਿਰਫ ਸਰਕਾਰ ਦੀ ਛਵੀ ਖ਼ਰਾਬ ਹੁੰਦੀ ਹੈ, ਸਗੋਂ ਜ਼ਿਲਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ੍ਹਾ ਹੋ ਜਾਂਦਾ ਹੈ।

ਮਾਸੂਮ ਬੱਚਿਆਂ ਦੇ ਹੱਥ-ਪੈਰ ਕੱਟ ਕੇ ਬਣਾ ਦਿੱਤਾ ਜਾਂਦਾ ਹੈ ਭਿਖਾਰੀ
ਮਹਾਨਗਰ ਦੇ ਪਾਸ਼ ਇਲਾਕਿਆਂ 'ਚ ਸਥਿਤ ਚੌਕ-ਚੌਰਾਹਿਆਂ ਦੇ ਆਲੇ-ਦੁਆਲੇ ਅੱਜਕਲ ਹੱਥ-ਪੈਰ ਕੱਟੇ ਹੋਏ ਬੱਚਿਆਂ ਤੋਂ ਭੀਖ ਮੰਗਵਾਈ ਜਾ ਰਹੀ ਹੈ। ਕੁਝ ਅਪਰਾਧੀ ਕਿਸਮ ਦੇ ਲੋਕ ਪੱਛੜੇ ਰਾਜਾਂ ਤੋਂ ਬੱਚੇ ਅਗਵਾ ਕਰ ਕੇ ਜਾਂ ਖਰੀਦ ਕੇ ਉਨ੍ਹਾਂ ਦੇ ਹੱਥ-ਪੈਰ ਕੱਟ ਦਿੰਦੇ ਹਨ ਅਤੇ ਫਿਰ ਅਜਿਹੇ ਬੱਚਿਆਂ ਤੋਂ ਭੀਖ ਮੰਗਵਾਉਣ ਦਾ ਕੰਮ ਸ਼ੁਰੂ ਕਰ ਦਿੰਦੇ ਹਨ। ਪ੍ਰਸ਼ਾਸਨ ਅਤੇ ਪੁਲਸ ਨੂੰ ਇਨ੍ਹਾਂ ਮਾਸੂਮ ਬੱਚਿਆਂ ਦੇ ਮਾਮਲੇ ਦੀ ਵੀ ਜਾਂਚ ਕਰਨ ਦੀ ਸਖ਼ਤ ਲੋੜ ਹੈ।

ਇਸ ਤਰ੍ਹਾਂ ਕਿਵੇਂ ਬਣੇਗੀ ਸਮਾਰਟ ਸਿਟੀ
ਗੁਰੂ ਨਗਰੀ ਨੂੰ ਸਮਾਰਟ ਸਿਟੀ ਬਣਾਉਣ ਲਈ ਅਰਬਾਂ ਰੁਪਇਆਂ ਖਰਚ ਕੀਤਾ ਜਾ ਰਿਹਾ ਹੈ ਪਰ ਜਗ੍ਹਾ-ਜਗ੍ਹਾ ਨਜ਼ਰ ਆ ਰਹੇ ਭਿਖਾਰੀਆਂ ਕਾਰਣ ਸਮਾਰਟ ਸਿਟੀ ਦੀ ਸਮਾਰਟਨੈੱਸ ਨੂੰ ਵੀ ਨਜ਼ਰ ਲੱਗ ਰਹੀ ਹੈ। ਸਵਾਲ ਇਹ ਉੱਠਦਾ ਹੈ ਕਿ ਪੁਨਰਵਾਸ ਵਰਗੀ ਮੁਹਿੰਮ ਬੰਦ ਕਰ ਕੇ ਕੀ ਸ਼ਹਿਰ ਸਮਾਰਟ ਸਿਟੀ ਬਣ ਸਕੇਗਾ।

ਪ੍ਰਸ਼ਾਸਨ ਨੂੰ ਸਖਤੀ ਨਾਲ ਚਲਾਉਣੀ ਚਾਹੀਦੀ ਹੈ ਪੁਨਰਵਾਸ ਮੁਹਿੰਮ
ਜ਼ਿਲਾ ਪ੍ਰਸ਼ਾਸਨ ਜਿਸ ਵਿਚ ਡੀ. ਸੀ. ਅਤੇ ਹੋਰ ਅਧਿਕਾਰੀਆਂ ਨੂੰ ਇਕ ਵਾਰ ਫਿਰ ਤੋਂ ਜ਼ਿਲੇ 'ਚ ਮੰਗਤਾ ਪੁਨਰਵਾਸ ਮੁਹਿੰਮ ਚਲਾਉਣ ਦੀ ਸਖ਼ਤ ਲੋੜ ਹੈ। ਧਾਰਮਿਕ ਅਸਥਾਨਾਂ 'ਚ ਆਏ ਦਿਨ ਭਿਖਾਰੀ ਜੇਬਾਂ ਕੱਟਣ ਦੀਆਂ ਵਾਰਦਾਤਾਂ ਕਰ ਰਹੇ ਹਨ। ਕੁਝ ਮੰਗਤੇ ਤਾਂ ਧਾਰਮਿਕ ਅਸਥਾਨਾਂ 'ਚ ਆਉਣ ਵਾਲੇ ਲੋਕਾਂ ਦੇ ਬੱਚਿਆਂ ਤੱਕ ਨੂੰ ਕਿਡਨੈਪ ਕਰਦੇ ਫੜੇ ਜਾ ਚੁੱਕੇ ਹਨ। ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਲਿਖਤੀ ਰੂਪ 'ਚ ਅਪੀਲ ਕੀਤੀ ਗਈ ਹੈ ਕਿ ਭਿਖਾਰੀ ਪੁਨਰਵਾਸ ਮੁਹਿੰਮ ਚਲਾਈ ਜਾਵੇ। –ਸਤਪਾਲ ਸਿੰਘ ਸੋਖੀ, ਸਮਾਜ ਸੇਵਕ


Baljeet Kaur

Content Editor

Related News