ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਲਿਖਾਈ ਤੇ ਗੁਰ ਇਤਿਹਾਸ ਸਬੰਧੀ ਲਿਖਤੀ ਮੁਕਾਬਲੇ ਕਰਵਾਏ

09/21/2019 5:27:03 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਕਰਵਾਏ ਜਾਂਦੇ ਵੱਖ-ਵੱਖ ਮੁਕਾਬਲਿਆਂ ਤਹਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਸਕੂਲੀ ਬੱਚਿਆਂ ਦੇ ਗੁਰ-ਇਤਿਹਾਸ ਨਾਲ ਸਬੰਧਤ ਲਿਖਤੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ 45 ਸਕੂਲਾਂ ਦੇ 225 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸੇ ਦੌਰਾਨ ਸੁੰਦਰ ਲਿਖਾਈ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ 'ਚ 40 ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਏ।

ਇਨ੍ਹਾਂ ਮੁਕਾਬਲਿਆਂ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਹਰ ਸਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੱਚਿਆਂ ਅੰਦਰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ ਦੇ ਲਿਖਤੀ ਇਮਤਿਹਾਨ, ਭਾਸ਼ਣ, ਕਵੀਸ਼ਰੀ, ਕਵਿਤਾ, ਸ਼ਬਦ ਕੀਰਤਨ, ਪੇਂਟਿੰਗ ਤੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਕਰਵਾਉਣ ਦਾ ਮੰਤਵ ਨੌਜਵਾਨੀ ਅਤੇ ਬੱਚਿਆਂ ਨੂੰ ਸਿੱਖ ਕੌਮ ਦੇ ਸ਼ਾਨਾਮੱਤੇ ਵਿਰਸੇ, ਇਤਿਹਾਸ ਅਤੇ ਗੁਰਮਤਿ ਦੀ ਰਹਿਣੀ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਮੁਕਾਬਲਿਆਂ 'ਚੋਂ ਅੱਵਲ ਆਉਣ ਵਾਲੇ ਬੱਚਿਆਂ ਨੂੰ ਗੁਰਪੁਰਬ ਸਮੇਂ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਵਧੀਕ ਮੈਨੇਜਰ ਬਘੇਲ ਸਿੰਘ, ਕਾਬਲ ਸਿੰਘ ਸੁਪਰਵਾਈਜ਼ਰ, ਡਾ. ਰਣਜੀਤ ਕੌਰ ਪੰਨਵਾਂ ਕੋਆਰਡੀਨੇਟਰ, ਰਾਜਵਿੰਦਰ ਸਿੰਘ ਜੋਗਾ, ਬੀਬੀ ਗੁਰਮੀਤ ਕੌਰ, ਡਾ. ਹਰਪ੍ਰੀਤ ਕੌਰ, ਬੀਬੀ ਪਲਵਿੰਦਰ ਕੌਰ, ਬੀਬੀ ਰਾਜਵਿੰਦਰ ਕੌਰ ਆਦਿ ਮੌਜੂਦ ਸਨ।


Baljeet Kaur

Content Editor

Related News