ਬਾਦਲ ਪਰਿਵਾਰ ਅਕਾਲੀ ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਏ : ਅਜਨਾਲਾ
Sunday, Dec 09, 2018 - 09:51 AM (IST)

ਅੰਮ੍ਰਿਤਸਰ (ਜ. ਬ.) - ਸਾਬਕਾ ਸੰਸਦ ਮੈਂਬਰ ਤੇ ਬਾਗੀ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਨੇ ਬਾਦਲ ਪਰਿਵਾਰ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੁੱਲ ਬਖਸ਼ਾਉਣ ਲਈ ਕਰਵਾਈ ਅਰਦਾਸ ਅਤੇ ਕੀਤੀ ਸੇਵਾ 'ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਸ ਨੂੰ ਸਿੱਖ ਕੌਮ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਲਾ ਕਦਮ ਦੱਸਿਆ ਹੈ। ਇਥੇ ਜਾਰੀ ਇਕ ਬਿਆਨ ਵਿਚ ਅਜਨਾਲਾ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਗੁਨਾਹ ਮੁਆਫੀਯੋਗ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰ ਕੇ ਪਾਖੰਡੀ ਸਾਧ ਨਾਲ ਸਾਂਝ ਪਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਰਦਾਸ ਵਿਚ ਸ਼੍ਰੋਮਣੀ ਅਕਾਲੀ ਦਲ ਕੋਲੋਂ ਭੁੱਲਾਂ ਦਾ ਜ਼ਿਕਰ ਕਰਨਾ ਉਚਿੱਤ ਨਹੀਂ ਕਿਉਂਕਿ ਗਲਤੀਆਂ ਅਕਾਲੀ ਦਲ ਕੋਲੋਂ ਨਹੀਂ ਬਲਕਿ ਇਕ ਪਰਿਵਾਰ ਕੋਲੋਂ ਹੋਈਆਂ ਹਨ।
ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਸ਼ਹੀਦਾਂ ਦੀ ਜਥੇਬੰਦੀ ਅਕਾਲੀ ਦਲ ਦੀ ਹੋਰ ਜ਼ਿਆਦਾ ਬਦਨਾਮੀ ਨਾ ਕਰਵਾਉਣ ਅਤੇ ਆਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਲਾਂਭੇ ਹੋਣ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਚੋਰ ਮੋਰੀ ਰਾਹੀਂ ਜਥੇਦਾਰ ਤੋਂ ਆਪਣੇ ਹੱਕ ਵਿਚ ਫੈਸਲਾ ਕਰਵਾਉਣ ਦੀ ਜੁਗਤ ਘੜ ਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਿਨਾ ਸੱਦਿਆਂ ਪੇਸ਼ ਹੋਏ ਹਨ। ਗਲਤੀ ਉਹ ਮੁਆਫੀਯੋਗ ਹੁੰਦੀ ਹੈ ਜਿਹੜੀ ਜਾਣੇ ਅਣਜਾਣੇ ਵਿਚ ਹੋਏ ਪਰ ਜਿਹੜੀ ਮਿੱਥ ਕੇ ਕੀਤੀ ਗਈ ਹੋਵੇ ਉਸਨੂੰ ਗਲਤੀ ਨਹੀਂ ਆਖਿਆ ਜਾ ਸਕਦਾ, ਕਿਉਂਕਿ ਸਾਰਾ ਡਰਾਮਾ ਬਾਦਲ ਪਰਿਵਾਰ ਨੇ ਡੇਰੇ ਦੀਆਂ ਵੋਟਾਂ ਖਾਤਰ ਕੀਤਾ ਸੀ । ਡੇਰਾ ਮੁਖੀ ਨੂੰ ਪਹਿਲਾਂ ਬਿਨਾ ਮੰਗਿਆ ਮੁਆਫੀ ਦੇਣੀ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਰਪ੍ਰਸਤੀ ਦੇਣੀ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਦੋ ਨਿਹੱਥੇ ਸਿੱਖ ਨੌਜਵਾਨਾਂ ਨੂੰ ਪੁਲਸ ਦੀ ਗੋਲੀ ਦਾ ਸ਼ਿਕਾਰ ਬਣਾਉਣ ਵਾਲਿਆਂ ਨੂੰ ਬਚਾਉਣਾ ਅਜਿਹੀਆਂ ਬੱਜਰ ਗਲਤੀਆਂ ਹਨ, ਜਿਸ ਲਈ ਸਿੱਖ ਕੌਮ ਬਾਦਲ ਪਰਿਵਾਰ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ । ਪੂਰੀ ਕੌਮ ਦਾ ਧਿਆਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲ ਹੈ ਕਿਉਂਕਿ ਹੁਣ ਜਦੋਂ ਬਾਦਲ ਪਰਿਵਾਰ ਆਪਣੀਆਂ ਗਲਤੀਆਂ ਮੰਨ ਗਿਆ ਹੈ ਤਾਂ ਕੀ ਜਥੇਦਾਰ ਪੰਥਕ ਮਾਣ ਮਰਿਯਾਦਾ ਤਹਿਤ ਬਾਦਲਾਂ ਨੂੰ ਪੰਥ ਵਿਚੋਂ ਛੇਕਦੇ ਹੋਏ ਫਖਰ ਏ ਕੌਮ ਖਿਤਾਬ ਵਾਪਸ ਲੈਂਦੇ ਹਨ ਜਾਂ ਫਿਰ ਦੋਸ਼ੀ ਬਾਦਲਾਂ ਦੀ ਇੱਛਾ ਮੁਤਾਬਕ ਹੀ ਆਪਣਾ ਫੈਸਲਾ ਉਨ੍ਹਾਂ ਦੇ ਹੱਕ ਵਿਚ ਸੁਣਾ ਦੇਣਗੇ।