ਏਅਰਪੋਰਟ ''ਤੇ ਕਸਟਮ ਅਧਿਕਾਰੀ ਦਾ ਵੱਡਾ ਕਾਰਨਾਮਾ

11/13/2019 10:15:14 AM

ਅੰਮ੍ਰਿਤਸਰ (ਨੀਰਜ) : ਪਿਛਲੇ ਲੰਬੇ ਸਮੇਂ ਤੋਂ ਸੋਨੇ ਦੀ ਸਮੱਗਲਿੰਗ ਦੇ ਮਾਮਲੇ 'ਚ ਸੁਰਖੀਆਂ 'ਚ ਚੱਲ ਰਹੇ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਜਿਥੇ ਈਮਾਨਦਾਰ ਕਸਟਮ ਅਧਿਕਾਰੀਆਂ ਦੀ ਕਮੀ ਨਹੀਂ ਹੈ, ਉਥੇ ਹੀ ਕੁਝ ਭ੍ਰਿਸ਼ਟ ਅਧਿਕਾਰੀ ਵੀ ਕੰਮ ਕਰ ਰਹੇ ਹਨ। ਇਕ ਕਸਟਮ ਅਧਿਕਾਰੀ ਦਾ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਯਾਤਰੀ ਨੇ ਜਦੋਂ ਸੱਚਾਈ ਦੱਸਦਿਆਂ ਆਪਣੇ ਕੋਲ 43 ਇੰਚ ਦੀ ਐੱਲ. ਈ. ਡੀ. ਸਬੰਧੀ ਕਸਟਮ ਵਿਭਾਗ ਦੇ ਉੱਚ ਅਧਿਕਾਰੀ ਨੂੰ ਜਾਣਕਾਰੀ ਦਿੱਤੀ ਤਾਂ ਉਸ ਤੋਂ ਚੈਕਿੰਗ ਕਰ ਰਹੇ ਇਕ ਸੁਪਰਡੈਂਟ ਨੇ 7340 ਰੁਪਏ ਦੀ ਕਸਟਮ ਡਿਊਟੀ ਵਸੂਲ ਕੀਤੀ, ਬਿਨਾਂ ਕਾਰਣ ਪ੍ਰੇਸ਼ਾਨ ਵੀ ਕੀਤਾ, ਜਦੋਂ ਕਿ ਉਸੇ ਫਲਾਈਟ ਤੋਂ ਅੰਮ੍ਰਿਤਸਰ ਆਏ 3 ਹੋਰ ਯਾਤਰੀਆਂ ਕੋਲ ਵੀ ਉਸੇ ਸਾਈਜ਼ ਦੀ ਐੱਲ. ਈ. ਡੀ. ਸੀ, ਜਿਨ੍ਹਾਂ ਨੂੰ ਸਬੰਧਤ ਅਧਿਕਾਰੀ ਨੇ 3-3 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਜਾਣ ਦਿੱਤਾ।

ਡਿਊਟੀ ਦੇਣ ਵਾਲੇ ਯਾਤਰੀ ਨੇ ਜਦੋਂ ਸਬੰਧਤ ਅਧਿਕਾਰੀ ਨੂੰ ਹੋਰ 3 ਯਾਤਰੀਆਂ ਬਾਰੇ ਦੱਸਿਆ ਕਿ ਉਹ ਆਪਣੇ ਬਿਨਾਂ ਡਿਊਟੀ ਕਿਵੇਂ ਕੱਢ ਦਿੱਤੇ ਤਾਂ ਉਕਤ ਅਧਿਕਾਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਤੂੰ ਸਾਡੇ ਉੱਚ ਅਧਿਕਾਰੀ ਨੂੰ ਦੱਸਿਆ ਸੀ, ਇਸ ਲਈ ਤੁਹਾਡੇ ਤੋਂ ਡਿਊਟੀ ਵਸੂਲ ਕੀਤੀ ਗਈ ਹੈ, ਜੇਕਰ ਨਾ ਦੱਸਦੇ ਤਾਂ ਤੁਹਾਨੂੰ ਵੀ ਹੋਰ ਯਾਤਰੀਆਂ ਦੀ ਤਰ੍ਹਾਂ ਕੱਢ ਦੇਣਾ ਸੀ। ਯਾਤਰੀ ਨੇ ਦੱਸਿਆ ਕਿ ਜੇਕਰ ਕਸਟਮ ਵਿਭਾਗ ਸੀ. ਸੀ. ਟੀ. ਵੀ. ਦੀ ਫੁਟੇਜ ਦੀ ਜਾਂਚ ਕਰੇ ਤਾਂ ਈਮਾਨਦਾਰ ਅਧਿਕਾਰੀਆਂ ਨੂੰ ਸੱਚਾਈ ਦਾ ਪਤਾ ਲੱਗ ਜਾਵੇਗਾ ਕਿਉਂਕਿ 43 ਇੰਚ ਦੀ ਐੱਲ. ਈ. ਡੀ. ਸਾਫ਼ ਨਜ਼ਰ ਆ ਜਾਂਦੀ ਹੈ। ਸਰਕਾਰੀ ਡਿਊਟੀ ਹੋਰ 3 ਐੱਲ. ਈ. ਡੀ. 'ਤੇ ਵਸੂਲ ਕਿਉਂ ਨਹੀਂ ਕੀਤੀ ਗਈ, ਇਸ ਦਾ ਵੀ ਕਸਟਮ ਦੇ ਉੱਚ ਅਧਿਕਾਰੀਆਂ ਨੂੰ ਪਤਾ ਲੱਗ ਜਾਵੇਗਾ।

ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਹੀ 28 ਸਤੰਬਰ ਨੂੰ ਨਿਕਲ ਗਿਆ ਸੀ 2 ਕਿਲੋ ਸੋਨਾ
ਉਂਝ ਤਾਂ ਐੱਸ. ਜੀ. ਆਰ. ਡੀ. ਏਅਰਪੋਰਟ 'ਤੇ ਤਾਇਨਾਤ ਕਸਟਮ ਵਿਭਾਗ ਦੇ ਕੁਝ ਅਧਿਕਾਰੀ ਖੁਦ ਨੂੰ ਬੜੇ ਈਮਾਨਦਾਰ ਹੋਣ ਦਾ ਦਾਅਵਾ ਕਰਦੇ ਹਨ ਪਰ 28 ਸਤੰਬਰ ਨੂੰ ਇਸ ਏਅਰਪੋਰਟ ਤੋਂ 2 ਕਿਲੋ ਸੋਨਾ ਵੀ ਨਿਕਲ ਗਿਆ ਸੀ। ਇਹ ਸੋਨਾ ਕਿਸ ਦੇ ਇਸ਼ਾਰੇ 'ਤੇ ਅਤੇ ਕਿਵੇਂ ਨਿਕਲ ਗਿਆ, ਇਹ ਵੀ ਇਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਾਮਲੇ ਦਾ ਖੁਲਾਸਾ ਤਦ ਹੋਇਆ ਸੀ ਜਦੋਂ ਬਠਿੰਡਾ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮੁਹੰਮਦ ਰਫੀਕ ਵਾਸੀ ਪਿੰਡ ਸ਼ੇਰਾਨੀ ਜ਼ਿਲਾ ਨਾਗੌਰ ਰਾਜਸਥਾਨ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਤੋਂ ਆਏ ਆਪਣੇ ਦੋਸਤਾਂ ਲਿਆਕਤ ਸ਼ੇਰਾਨੀ, ਮੁਹੰਮਦ ਯੂਨਸ ਅਤੇ ਮੁਹੰਮਦ ਇਮਰਾਨ ਨੂੰ ਲੈ ਕੇ ਆਪਣੀ ਬਲੈਰੋ ਗੱਡੀ 'ਚ ਬਿਠਾ ਕੇ ਰਾਜਸਥਾਨ ਪਰਤ ਰਿਹਾ ਸੀ। ਬਠਿੰਡਾ ਦੇ ਪਿੰਡ ਬਹਮਨ ਦੀਵਾਨੇ ਕੋਲ ਉਨ੍ਹਾਂ ਦੀ ਗੱਡੀ ਨੂੰ ਪੁਲਸ ਵਾਲਿਆਂ ਨੇ ਰੋਕ ਕੇ ਤਲਾਸ਼ੀ ਸ਼ੁਰੂ ਕੀਤੀ।

ਰਫੀਕ ਨੇ ਦੱਸਿਆ ਕਿ ਉਸ ਦੇ ਦੋਸਤਾਂ ਨੇ ਇਕ ਪ੍ਰੈੱਸ, ਇਕ ਖਿਡੌਣਾ ਗੱਡੀ ਅਤੇ ਇਲੈਕਟ੍ਰੀਕਲ ਐਲੀਵੇਟਰ ਵਿਚ 2 ਕਿਲੋ ਸੋਨਾ ਲੁਕਾਇਆ ਹੋਇਆ ਸੀ, ਜਿਸ ਨੂੰ ਪੁਲਸ ਨੇ ਫੜ ਲਿਆ ਅਤੇ ਹੜੱਪਣ ਦੀ ਕੋਸ਼ਿਸ਼ ਕੀਤੀ। ਰਫੀਕ ਦੀ ਸ਼ਿਕਾਇਤ 'ਤੇ ਪੁਲਸ ਵਾਲਿਆਂ ਨੂੰ ਤਾਂ ਸਸਪੈਂਡ ਕਰ ਦਿੱਤਾ ਗਿਆ ਪਰ ਇਸ ਮਾਮਲੇ ਨੇ ਏਅਰਪੋਰਟ 'ਤੇ ਕਸਟਮ ਵਿਭਾਗ ਦੀ ਚੈਕਿੰਗ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ।


Baljeet Kaur

Content Editor

Related News