ਆਮ ਆਦਮੀ ਪਾਰਟੀ ਨਸ਼ਿਆਂ ਦੀ ਸਮੱਗਲਿੰਗ ''ਤੇ ਅਕਾਲੀਆਂ ਤੇ ਕਾਂਗਰਸੀਆਂ ''ਤੇ ਵਰ੍ਹੀ

Wednesday, Mar 13, 2019 - 11:10 AM (IST)

ਆਮ ਆਦਮੀ ਪਾਰਟੀ ਨਸ਼ਿਆਂ ਦੀ ਸਮੱਗਲਿੰਗ ''ਤੇ ਅਕਾਲੀਆਂ ਤੇ ਕਾਂਗਰਸੀਆਂ ''ਤੇ ਵਰ੍ਹੀ

ਅੰਮ੍ਰਿਤਸਰ (ਅਣਜਾਣ, ਸੰਜੀਵ, ਸੁਮਿਤ ਖੰਨਾ) : ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਅਤੇ ਮਾਝੇ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ 'ਚ ਮੀਟਿੰਗ ਹੋਈ, ਜਿਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਤੋਂ ਇਲਾਵਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਤਰਨਤਾਰਨ ਦੇ ਜ਼ਿਲਾ ਪ੍ਰਧਾਨ ਮਨਜਿੰਦਰ ਸਿੰਘ ਬਿੱਟੂ, ਕਿਸਾਨ ਵਿੰਗ ਦੇ ਮਾਝਾ ਜ਼ੋਨ ਪ੍ਰਧਾਨ ਜਸਬੀਰ ਸਿੰਘ ਸੁਰਸਿੰਘ, ਪੱਟੀ ਹਲਕੇ ਦੇ ਇੰਚਾਰਜ ਰਣਜੀਤ ਸਿੰਘ ਚੀਮਾ, ਤਰਨਤਾਰਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ ਤੇ ਅੰਮ੍ਰਿਤਸਰ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਪਲਾਹ ਨਸ਼ੇ ਦੀ ਸਮੱਗਲਿੰਗ ਨੂੰ ਲੈ ਕੇ ਅਕਾਲੀਆਂ ਤੇ ਕਾਂਗਰਸੀਆਂ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਸਾਰਜ ਸਿੰਘ ਦੇਸੂਵਾਲ ਜਿਸ ਕੋਲੋਂ ਪੱਟੀ ਥਾਣੇ ਦੀ ਪੁਲਸ ਵੱਲੋਂ 1 ਕਿਲੋ 10 ਗ੍ਰਾਮ ਹੈਰੋਇਨ ਫੜੀ ਗਈ ਹੈ, ਅਕਾਲੀਆਂ ਤੇ ਕਾਂਗਰਸੀਆਂ ਦੋਵਾਂ ਦਾ ਨਜ਼ਦੀਕੀ ਹੈ। ਇਹ ਖਬਰ ਅੱਜ ਅਖਬਾਰਾਂ ਦੀਆਂ ਸੁਰਖੀਆਂ ਵਿਚ ਹੈ ਤੇ ਉਨ੍ਹਾਂ ਇਸ ਬਾਰੇ ਅਖਬਾਰਾਂ ਤੇ ਤਸਵੀਰਾਂ ਰਾਹੀਂ ਸਬੂਤ ਵੀ ਦਿੱਤੇ।

ਉਨ੍ਹਾਂ ਕਿਹਾ ਕਿ ਜਦ ਅਕਾਲੀ ਸਰਕਾਰ 'ਚ ਵਿਰਸਾ ਸਿੰਘ ਵਲਟੋਹਾ ਸੀ ਤਾਂ ਦੇਸੂਵਾਲ ਉਨ੍ਹਾਂ ਦਾ ਨਜ਼ਦੀਕੀ ਸੀ ਤੇ ਹੁਣ ਜਦ ਕਾਂਗਰਸ ਦੀ ਸਰਕਾਰ ਹੈ ਤਾਂ ਉਹ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਨਜ਼ਦੀਕੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਖਾਧੀ ਸਹੁੰ ਝੂਠੀ ਸਾਬਿਤ ਹੋਈ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਪੰਜਾਬ ਦੇ ਡੀ. ਜੀ. ਪੀ. ਤੋਂ ਮੰਗ ਕੀਤੀ ਕਿ ਭੁੱਲਰ ਤੇ ਵਲਟੋਹਾ ਨੂੰ ਦੇਸੂਵਾਲ ਦੇ ਨਜ਼ਦੀਕੀ ਹੋਣ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਜਾਇਦਾਦਾਂ ਦੀ ਜਾਂਚ ਕਰ ਕੇ ਜ਼ਬਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ ਜਨਤਾ ਅਕਾਲੀਆਂ ਤੇ ਕਾਂਗਰਸੀਆਂ ਨੂੰ ਮੂੰਹ-ਤੋੜ ਜਵਾਬ ਦੇਵੇਗੀ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਆਪ ਸੁਪਰੀਮੋ ਕੇਜਰੀਵਾਲ ਨੇ ਵੀ ਬਿਕਰਮ ਸਿੰਘ ਮਜੀਠੀਆ 'ਤੇ ਸਵਾਲ ਉਠਾਏ ਸਨ ਪਰ ਬਾਅਦ ਵਿਚ ਮੁਆਫ਼ੀ ਮੰਗ ਲਈ, ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਲੀਡਰਸ਼ਿਪ ਹੈ ਅਤੇ ਉਹ ਸਬੂਤਾਂ ਤਹਿਤ ਗੱਲ ਕਰ ਰਹੀ ਹੈ ਤੇ ਉਹ ਆਪਣੇ ਕਹੇ 'ਤੇ ਕਾਇਮ ਰਹੇਗੀ। ਇਸ ਮੌਕੇ ਪਾਰਟੀ ਦੇ ਹੋਰ ਵੀ ਸੀਨੀਅਰ ਨੇਤਾ ਤੇ ਵਰਕਰ ਮੌਜੂਦ ਸਨ।


author

Baljeet Kaur

Content Editor

Related News