ਸਵਾਮੀ ਦੇ ਦਿੱਤੇ ਬਿਆਨ ਕਾਰਨ ਸਿੱਖ ਮਨਾਂ ਨੂੰ ਲੱਗੀ ਭਾਰੀ ਠੇਸ : ਭਾਈ ਲੌਂਗੋਵਾਲ

Monday, Aug 26, 2019 - 11:18 AM (IST)

ਅੰਮ੍ਰਿਤਸਰ (ਦੀਪਕ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਸਿੱਖ ਸੰਗਤ ਵਲੋਂ ਕੀਤੀਆਂ ਜਾਂਦੀਆਂ ਅਰਦਾਸਾਂ ਦਾ ਫਲ ਹੈ। ਇਸ ਲਾਂਘੇ 'ਤੇ ਕਿਸੇ ਨੂੰ ਵੀ ਇਤਰਾਜ਼ ਪ੍ਰਗਟ ਨਹੀਂ ਕਰਨਾ ਚਾਹੀਦਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਵੱਲੋਂ ਲਾਂਘੇ ਸਬੰਧੀ ਦਿੱਤੀ ਗਈ ਪ੍ਰਤੀਕਿਰਿਆ ਸਬੰਧੀ ਕੀਤਾ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਭਾਈ ਲੌਂਗੋਵਾਲ ਵੱਲੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ 70 ਸਾਲ ਮਗਰੋਂ ਅੱਜ ਜਦੋਂ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਤਾਂ ਸੁਬਰਾਮਣੀਅਮ ਸਵਾਮੀ ਦਾ ਬਿਆਨ ਹੈਰਾਨੀ ਪ੍ਰਗਟ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕੱਲੇ ਸਿੱਖਾਂ ਲਈ ਹੀ ਨਹੀਂ, ਸਗੋਂ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵੀ ਅਮਨ ਦਾ ਮਾਰਗ ਹੈ, ਜਿਸ ਦੇ ਖੁੱਲ੍ਹਣ ਨਾਲ ਦੋਵਾਂ ਦੇਸ਼ਾਂ ਦੀ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇਗੀ। ਗੁਰੂ ਸਾਹਿਬ ਦੇ ਪਾਵਨ ਅਸਥਾਨ ਨੂੰ ਜੋੜਨ ਵਾਲੇ ਇਸ ਲਾਂਘੇ ਪ੍ਰਤੀ ਕੁਝ ਵੀ ਨਾਂਹਵਾਚੀ ਬੋਲਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵਾਮੀ ਦੇ ਦਿੱਤੇ ਬਿਆਨ ਕਾਰਨ ਸਿੱਖ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। ਭਾਈ ਲੌਂਗੋਵਾਲ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲਾਂਘੇ ਦਾ ਕੰਮ ਜਾਰੀ ਰੱਖਣ ਲਈ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਲਾਂਘੇ ਦਾ ਕੰਮ ਨਵੰਬਰ ਦੇ ਪਹਿਲੇ ਹਫਤੇ ਤੱਕ ਮੁਕੰਮਲ ਹੋ ਜਾਵੇਗਾ।


Baljeet Kaur

Content Editor

Related News