NSA ਹਟਾ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਜਾਵੇਗਾ ਪੰਜਾਬ! LIST ਆਈ ਸਾਹਮਣੇ

Monday, Mar 17, 2025 - 07:45 AM (IST)

NSA ਹਟਾ ਅੰਮ੍ਰਿਤਪਾਲ ਦੇ 7 ਸਾਥੀਆਂ ਨੂੰ ਲਿਆਂਦਾ ਜਾਵੇਗਾ ਪੰਜਾਬ! LIST ਆਈ ਸਾਹਮਣੇ

ਚੰਡੀਗੜ੍ਹ (ਅੰਕੁਰ) : ਖਡੂਰ ਸਾਹਿਬ ਸੀਟ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ 7 ਨੇੜਲੇ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਾਪਸ ਲਿਆਉਣ ਅਤੇ ਅਜਨਾਲਾ ਪੁਲਸ ਥਾਣੇ ਹਮਲੇ ਦੇ ਮਾਮਲੇ ’ਚ ਉਨ੍ਹਾਂ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧੀ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ਨੂੰ ਪੰਜਾਬ ਵਾਪਸ ਲਿਆਂਦਾ ਜਾ ਰਿਹਾ ਹੈ, ਉਨ੍ਹਾਂ ’ਚ ਮੋਗਾ ਦੇ ਦੌਲਤਪੁਰਾ ਉੱਚਾ ਦੇ ਬਸੰਤ ਸਿੰਘ, ਮੋਗਾ ਦੇ ਪਿੰਡ ਬਾਜੇਕੇ ਦੇ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਮੋਗਾ ਦੇ ਪਿੰਡ ਬੁੱਕਣਵਾਲਾ ਦੇ ਗੁਰਮੀਤ ਸਿੰਘ ਗਿੱਲ ਉਰਫ਼ ਗੁਰਮੀਤ ਬੁੱਕਣਵਾਲਾ, ਨਵੀਂ ਦਿੱਲੀ ਦੇ ਪੱਛਮੀ ਪੰਜਾਬੀ ਬਾਗ਼ ਦੇ ਸਰਬਜੀਤ ਸਿੰਘ ਕਲਸੀ ਉਰਫ਼ ਦਲਜੀਤ ਸਿੰਘ ਕਲਸੀ, ਫਗਵਾੜਾ ਦੇ ਗੁਰਿੰਦਰਪਾਲ ਸਿੰਘ ਔਜਲਾ ਉਰਫ਼ ਗੁਰੀ ਔਜਲਾ, ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਦੇ ਹਰਜੀਤ ਸਿੰਘ ਉਰਫ਼ ਚਾਚਾ ਅਤੇ ਮੋਗਾ ਦੇ ਰਾਉਂਕੇ ਕਲਾਂ ਦੇ ਕੁਲਵੰਤ ਸਿੰਘ ਧਾਲੀਵਾਲ ਉਰਫ਼ ਕੁਲਵੰਤ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ : NSA ਹਟਾ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਲਿਆਂਦਾ ਜਾਵੇਗਾ ਪੰਜਾਬ! ਡਿਬਰੂਗੜ੍ਹ ਜੇਲ੍ਹ 'ਚ ਹਨ ਬੰਦ (ਵੀਡੀਓ)

ਇਹ ਸਾਰੇ ਪਿਛਲੇ 2 ਸਾਲਾਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਕੌਮੀ ਸੁਰੱਖਿਆ ਕਾਨੂੰਨ (ਐੱਨ. ਐੱਸ. ਏ.) ਅਧੀਨ ਹਿਰਾਸਤ ’ਚ ਹਨ। ਉਨ੍ਹਾਂ ਦੱਸਿਆ ਕਿ ਐੱਸ. ਪੀ. ਹਰਿੰਦਰ ਸਿੰਘ ਗਿੱਲ ਦੀ ਅਗਵਾਈ ਵਾਲੀ ਉੱਚ ਪੱਧਰੀ ਪੁਲਸ ਟੀਮ ਡਿਬਰੂਗੜ੍ਹ ਜੇਲ੍ਹ ’ਚ ਤਾਇਨਾਤ ਹੈ ਤਾਂ ਜੋ ਸੱਤੇ ਮੁਲਜ਼ਮਾਂ ਦੀ ਐੱਨ. ਐੱਸ. ਏ. ਤਹਿਤ ਹਿਰਾਸਤ ਦੀ ਮਿਆਦ ਪੂਰੀ ਹੋਣ 'ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਸਕੇ। ਪੰਜਾਬ ਪੁਲਸ ਵੱਲੋਂ ਉਨ੍ਹਾਂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕਰਨ ਲਈ ਉਨ੍ਹਾਂ ਨੂੰ ਡਿਬਰੂਗੜ੍ਹ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਪੁਲਸ ਥਾਣੇ ’ਤੇ ਹਮਲੇ ਦੇ ਕੇਸ ’ਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਜਲਦ ਤੋਂ ਜਲਦ ਪੰਜਾਬ ਵਾਪਸ ਲਿਆਉਣਾ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ ਦੇ ਹਸਪਤਾਲਾਂ 'ਚ ਨਾਰਮਲ ਸਲਾਈਨ ਦੀ ਵਰਤੋਂ 'ਤੇ ਪਾਬੰਦੀ! ਜਾਰੀ ਹੋ ਗਏ ਸਖ਼ਤ ਹੁਕਮ
ਪੁਲਸ ਥਾਣੇ 'ਤੇ ਕੀਤਾ ਸੀ ਹਮਲਾ
23 ਫਰਵਰੀ, 2023 ਨੂੰ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਹਮਾਇਤੀਆਂ ਨੇ ਸ੍ਰੀ ਪਾਲਕੀ ਸਾਹਿਬ ਦੀ ਸ਼ਰਨ ਲੈਂਦਿਆਂ ਆਪਣੇ ਸਾਥੀ ਲਵਪ੍ਰੀਤ ਸਿੰਘ ਉਰਫ਼ ਤੂਫ਼ਾਨ ਨੂੰ ਛੁਡਾਉਣ ਲਈ ਅਜਨਾਲਾ ਪੁਲਸ ਥਾਣੇ 'ਤੇ ਹਮਲਾ ਕਰ ਦਿੱਤਾ ਸੀ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਥਾਣਾ ਅਜਨਾਲਾ ਵਿਖੇ ਆਈ. ਪੀ. ਸੀ. ਦੀਆਂ ਧਾਰਾਵਾਂ 307, 353, 186, 332, 333, 506, 120-ਬੀ, 427, 148 ਤੇ 149 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਐੱਸ. ਐੱਸ. ਪੀ. ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 10 ਹਿਰਾਸਤੀਆਂ ’ਚੋਂ ਸੱਤ ਨੂੰ ਸੂਬੇ ਭਰ ’ਚ ਦਰਜ ਵੱਖ-ਵੱਖ ਮਾਮਲਿਆਂ ’ਚ ਮੁਕੱਦਮੇ ਦਾ ਸਾਹਮਣਾ ਕਰਨ ਲਈ ਪੰਜਾਬ ਵਾਪਸ ਲਿਆਉਣ ਦੀ ਕਾਰਵਾਈ ਸੋਮਵਾਰ ਤੋਂ ਆਰੰਭ ਦਿੱਤੀ ਜਾਵੇਗੀ। ਇਸ ਕੇਸ ’ਚ ਜਾਂਚ ਕਾਰਵਾਈ ਨੂੰ ਸ਼ੁਰੂ ਕਰਨ ਲਈ ਅਜਨਾਲਾ ਪੁਲਸ ਥਾਣੇ ’ਚ ਦਰਜ ਐੱਫ. ਆਈ. ਆਰ. ’ਚ ਉਕਤ 7 ਵਿਅਕਤੀਆਂ ਦੀ ਰਸਮੀ ਗ੍ਰਿਫ਼ਤਾਰੀ ਅਮਲ ’ਚ ਲਿਆਂਦੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News