ਪੰਜਾਬ ਕੈਬਨਿਟ ਵੱਲੋਂ ''ਐਮਿਟੀ ਯੂਨੀਵਰਸਿਟੀ'' ਕੈਂਪਸ ਸਥਾਪਿਤ ਕਰਨ ਨੂੰ ਮਨਜ਼ੂਰੀ

12/03/2020 1:02:17 PM

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮੋਹਾਲੀ ਦੀ ਆਈ. ਟੀ. ਸਿਟੀ 'ਚ ਐਮਿਟੀ ਐਜੂਕੇਸ਼ਨ ਗਰੁੱਪ ਦੇ ਵਿਸ਼ਵ ਪੱਧਰੀ ਯੂਨੀਵਰਸਿਟੀ ਕੈਂਪਸ ਨੂੰ ਸਥਾਪਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ। ਇਸ ਦੇ ਨਾਲ ਹੀ ਇਸ ਖੇਤਰ ਦਾ ਪ੍ਰਮੁੱਖ ਸਿੱਖਿਆ ਧੁਰੇ ਵਜੋਂ ਵਿਕਸਿਤ ਹੋਣ ਲਈ ਰਾਹ ਪੱਧਰਾ ਹੋ ਗਿਆ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸ ਰਾਹੀਂ ਹੋਈ ਕੈਬਨਿਟ ਮੀਟਿੰਗ 'ਚ ਲਿਆ ਗਿਆ।

ਪੰਜਾਬ ਵਜ਼ਾਰਤ ਨੇ ‘ਦੀ ਐਮਿਟੀ ਯੂਨੀਵਰਸਿਟੀ ਆਰਡੀਨੈਂਸ, 2020’ ਨੂੰ ਵੀ ਮਨਜ਼ੂਰੀ ਦੇ ਦਿੱਤੀ। ਮੀਟਿੰਗ ਤੋਂ ਬਾਅਦ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜ ਸਾਲਾਂ 'ਚ 664.32 ਕਰੋੜ ਰੁਪਏ ਦੇ ਨਿਵੇਸ਼ ਨਾਲ ਮੋਹਾਲੀ (ਐਸ. ਏ. ਐਸ. ਨਗਰ) ਦੀ ਪ੍ਰਮੁੱਖ ਥਾਵਾਂ 'ਤੇ 40 ਏਕੜ ਰਕਬੇ 'ਚ ਸੈਲਫ ਫਾਈਨਾਂਸਡ ਪ੍ਰਾਈਵੇਟ ‘ਐਮਿਟੀ ਯੂਨੀਵਰਸਿਟੀ ਪੰਜਾਬ’ ਦਾ ਸਥਾਪਿਤ ਹੋਣ ਵਾਲਾ ਅਤਿ-ਆਧੁਨਿਕ ਕੈਂਪਸ ਉੱਚ ਪੱਧਰੀ ਖੋਜ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਿਤ ਕਰੇਗਾ। ਇਹ ਯੂਨੀਵਰਸਿਟੀ ਅਗਲੇ ਅਕਾਦਮਿਕ ਸਾਲ ਤੋਂ ਸ਼ੁਰੂ ਹੋਵੇਗੀ, ਜਿਸ ਦਾ ਪਹਿਲਾ ਸੈਸ਼ਨ ਜੂਨ-ਜੁਲਾਈ 2021 'ਚ ਸ਼ੁਰੂ ਹੋਵੇਗਾ।

ਚੰਡੀਗੜ੍ਹ/ਮੋਹਾਲੀ ਹਵਾਈ ਅੱਡੇ ਤੋਂ ਮਹਿਜ਼ 10 ਮਿੰਟ ਦੀ ਦੂਰੀ ’ਤੇ ਸਥਾਪਿਤ ਹੋਣ ਵਾਲੀ ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ੀ ਲਈ ਤਿਆਰ ਕਰਨ ਲਈ ਉਚ ਮਿਆਰੀ ਸਿੱਖਿਆ ਪ੍ਰਦਾਨ ਕਰਨ 'ਚ ਵੱਡਾ ਰੋਲ ਨਿਭਾਏਗੀ। ਯੂਨੀਵਰਸਿਟੀ 'ਚ ਸਲਾਨਾ 1500-2000 ਵਿਦਿਆਰਥੀਆਂ ਦੇ ਦਾਖ਼ਲੇ ਹੋਣਗੇ। ਉੱਚ ਪੱਧਰੀ ਖੋਜ ਅਤੇ ਕੌਮਾਂਤਰੀ ਸਹਿਯੋਗ ਦੇ ਕੇਂਦਰ ਤੋਂ ਇਲਾਵਾ ਯੂਨੀਵਰਸਿਟੀ ਯੂ. ਜੀ. ਸੀ. ਅਤੇ ਪੰਜਾਬ ਸੂਬੇ ਦੇ ਦਾਇਰੇ ਅੰਦਰ ਨੌਕਰੀ ਮੁਖੀ ਗ੍ਰੇਜੂਏਟ, ਪੋਸਟ ਗਰੈਜੂਏਟ, ਪੀ. ਐਚ. ਡੀ. ਤੇ ਪੋਸਟ ਪੀ. ਐਚ. ਡੀ. ਦੇ ਵੱਖ-ਵੱਖ ਪ੍ਰੋਗਰਾਮ ਤਿਆਰ ਕਰੇਗੀ। ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਇਹ ਹੱਦਾਂ ਤੋਂ ਪਾਰ ਬਹੁਮੰਤਵੀ ਪਹੁੰਚ ਨੂੰ ਉਤਸ਼ਾਹਤ ਕਰੇਗੀ।


Babita

Content Editor

Related News