ਕੀ 'ਮਰਦ ਟਾਂਗੇ ਵਾਲਾ' ਆਏਗਾ ਕੰਗਣਾ ਰਣੌਤ ਦੀ ਮਦਦ ਲਈ?
Sunday, Sep 13, 2020 - 09:43 AM (IST)
ਮਜੀਠਾ (ਸਰਬਜੀਤ) : 'ਮਰਦ ਟਾਂਗੇ ਵਾਲਾ, ਮੈਂ ਹੂੰ ਮਰਦ ਟਾਂਗੇ ਵਾਲਾ' ਬੋਲ ਸਦੀ ਦੇ ਉਸ ਮਹਾਨਾਇਕ ਅਮਿਤਾਭ ਬੱਚਨ ਨੇ 'ਮਰਦ' ਫਿਲਮ ਵਿਚ ਬੋਲ ਕੇ ਹਰੇਕ ਦਾ ਦਿਲ ਜਿੱਤ ਲਿਆ ਸੀ ਅਤੇ ਹੁਣ ਅਸਲ ਜ਼ਿੰਦਗੀ 'ਚ ਜਦੋਂ ਬਾਲੀਵੁੱਡ ਇੰਡਸਟਰੀ ਦੀ ਪ੍ਰਸਿੱਧ ਅਤੇ ਖੂਬਸੂਰਤ ਅਦਾਕਾਰਾ ਕੰਗਣਾ ਰਣੌਤ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਰਮਿਆਨ ਘਮਾਸਾਨ ਚੱਲ ਰਿਹਾ ਹੈ ਤਾਂ ਕੀ ਫਿਲਮੀ ਲਾਈਫ ਨੂੰ ਇਕ ਪਾਸੇ ਰੱਖਦੇ ਹੋਏ ਅਸਲ ਵਿਚ 'ਮਰਦ ਟਾਂਗੇ ਵਾਲਾ' ਯਾਨੀ ਕਿ ਅਮਿਤਾਭ ਬੱਚਨ ਕੰਗਣਾ ਰਣੌਤ ਨਾਲ ਆ ਕੇ ਇਸ ਜੰਗ 'ਚ ਖੜ੍ਹੇ ਹੋਣਗੇ? ਕਿਉਂਕਿ ਕੰਗਣਾ ਰਣੌਤ ਦੀ ਮਾਂ ਵੱਲੋਂ ਜੋ ਬੀਤੇ ਦਿਨੀਂ ਟਵੀਟ ਕੀਤਾ ਗਿਆ ਸੀ, ਉਸ ਵਿਚ ਉਨ੍ਹਾਂ ਇਹ ਘਮਾਸਾਨ ਵਧਦਾ ਦੇਖ ਕੇ 'ਮਰਦ ਟਾਂਗੇ ਵਾਲੇ' ਨੂੰ ਯਾਦ ਕੀਤਾ ਹੈ ਕਿਉਂਕਿ ਕਿਤੇ ਨਾ ਕਿਤੇ ਕੰਗਣਾ ਰਣੌਤ ਦੀ ਮਾਂ ਦੇ ਦਿਲ ਵਿਚ ਇਸ ਗੱਲ ਦਾ ਰੋਸ ਜ਼ਰੂਰ ਹੈ ਕਿ ਉਸਦੀ ਧੀ ਇਕ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਐਕਟਰੈੱਸ ਹੋਵੇ ਅਤੇ ਉਸਦੀ ਮਦਦ ਲਈ ਕੋਈ ਅੱਗੇ ਨਾ ਆਵੇ। ਸ਼ਾਇਦ ਇਸੇ ਕਰਕੇ 'ਮਰਦ ਟਾਂਗੇ ਵਾਲੇ' (ਅਮਿਤਾਭ ਬਚਨ) ਨੂੰ ਉਨ੍ਹਾਂ ਨੇ ਆਪਣੇ ਟਵੀਟ ਰਾਹੀਂ ਕੋਸਿਆ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ
ਕੰਗਨਾ ਰਣੌਤ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦਰਮਿਆਨ ਚੱਲ ਰਹੇ ਘਮਾਸਾਨ ਦੀ ਜੜ੍ਹ ਸਿਰਫ ਤੇ ਸਿਰਫ ਸੰਸਦ ਮੈਂਬਰ ਸੰਜੇ ਰਾਊਤ ਹੈ, ਜਿਸ ਨੇ ਲੜਕੀਆਂ ਖਿਲਾਫ ਨਿੰਦਣਯੋਗ ਬਿਆਨਬਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਉਕਤ ਬਾਲੀਵੁੱਡ ਅਦਾਕਾਰਾ ਨੇ ਸੰਜੇ ਰਾਊਤ 'ਤੇ ਪਲਟਵਾਰ ਕੀਤਾ ਸੀ ਅਤੇ ਨਾਲ ਹੀ ਮੁੰਬਈ ਦੀ ਤੁਲਣਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਨਾਲ ਕਰ ਦਿੱਤੀ ਅਤੇ ਫਿਰ ਕੀ ਸੀ ਇਹ ਮਾਮਲਾ ਪੂਰੀ ਤਰ੍ਹਾਂ ਭਖ ਗਿਆ ਅਤੇ ਇਸ ਮਾਮਲੇ ਵਿਚ ਰਾਜਨੀਤੀ ਤੇਜ਼ ਹੋ ਗਈ। ਹੋਰ ਤਾਂ ਹੋਰ ਅਭਿਨੇਤਰੀ ਕੰਗਣਾ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਕਾਰਣ ਸ਼ਿਵ ਸੈਨਾ ਆਗੂਆਂ ਵੱਲੋਂ ਕੰਗਣਾ ਨੂੰ ਧਮਕੀਆਂ ਦਿੱਤੀਆਂ ਜਾਣ ਲੱਗ ਪਈਆਂ, ਜਿਸ 'ਤੇ ਉਕਤ ਅਦਾਕਾਰਾ ਦੇ ਪਿਤਾ ਅਮਰਦੀਪ ਸਿੰਘ ਰਣੌਤ ਅਤੇ ਮਾਤਾ ਆਸ਼ਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਕੰਗਣਾ ਲਈ ਮੁੰਬਈ ਵਿਚ ਸੁਰੱਖਿਆ ਮੁਹੱਈਆ ਕਰਵਾਉਣ ਲਈ ਉਧਵ ਠਾਕਰੇ ਨਾਲ ਗੱਲਬਾਤ ਕਰਨ ਲਈ ਕਿਹਾ। ਇਸ ਤੋਂ ਇਲਾਵਾ ਫਿਲਮੀ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਕੰਗਨਾ ਨੇ ਬਾਲੀਵੁੱਡ ਵਿਚ ਡਰੱਗਜ਼ ਅਤੇ ਮੁੰਬਈ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਸਨ, ਜਿਸ ਤੋਂ ਬਾਅਦ ਕੰਗਣਾ ਵਿਵਾਦਾਂ ਦੇ ਘੇਰੇ ਵਿਚ ਆ ਗਈ।
ਕੰਗਣਾ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ ਇਸ ਵਿਚ ਕੋਈ ਦੋ ਰਾਏ ਨਹੀਂ ਹਨ ਕਿਉਂਕਿ ਜਦੋਂ ਕੰਗਣਾ ਹਿਮਾਚਲ ਤੋਂ ਮੁੰਬਈ ਆਈ ਸੀ ਤਾਂ ਬੀ. ਐੱਮ. ਸੀ. ਵੱਲੋਂ ਉਸਦੇ ਬੰਗਲਾ ਰੂਪੀ ਦਫਤਰ ਨੂੰ ਤੋੜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਕੰਗਣਾ ਨੇ ਆਪਣੇ ਦਫਤਰ ਦੇ ਮਲਬੇ ਵਾਲਾ ਵੀਡੀਓ ਜਿੱਥੇ ਆਮ ਲੋਕਾਂ ਨਾਲ ਸਾਂਝਾ ਕੀਤਾ ਸੀ, ਉੱਥੇ ਹੀ ਇਕ ਵੀਡੀਓ ਰਾਹੀਂ ਸਿੱਧੇ ਤੌਰ 'ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਨਿਸ਼ਾਨਾ ਬਣਾਉਂਦਿਆਂ 'ਬਾਬਰ ਅਤੇ ਉਸਦੀ ਸੈਨਾ' ਕਰਾਰ ਦੇ ਦਿੱਤਾ। ਇਸ ਵਿਵਾਦ ਕਾਰਣ ਅਜੇ ਤਕ ਤਾਂ 'ਮਰਦ ਟਾਂਗੇ ਵਾਲਾ' ਕਿਤੇ ਵੀ ਕੰਗਣਾ ਦੀ ਮਦਦ ਲਈ ਅੱਗੇ ਆਉਂਦਾ ਦਿਖਾਈ ਨਹੀਂ ਦੇ ਰਿਹਾ, ਜਿਸ ਦੀ ਆਸ ਕੰਗਣਾ ਦੀ ਮਾਤਾ ਆਸ਼ਾ ਰਣੌਤ ਨੇ ਲਾਈ ਹੋਈ ਹੈ।