ਅਮਰੀਕਾ ''ਚ ਸਿੱਖ ਅਟਾਰਨੀ ਜਨਰਲ ''ਤੇ ਨਸਲੀ ਟਿੱਪਣੀ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ
Friday, Jul 27, 2018 - 05:58 PM (IST)
ਅੰਮ੍ਰਿਤਸਰ (ਸੁਮਿਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ਵਿਚ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਸਿੰਘ ਗਰੇਵਾਲ ਬਾਰੇ ਸਥਾਨਕ ਰੇਡੀਓ ਐਂਕਰਾਂ ਵੱਲੋਂ ਕੀਤੀ ਗਈ ਨਸਲੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਅਮਰੀਕਾ 'ਚ ਅਟਾਰਨੀ ਜਨਰਲ ਦੇ ਅਹਿਮ ਅਹੁਦੇ 'ਤੇ ਬਿਰਾਜਮਾਨ ਗੁਰਬੀਰ ਸਿੰਘ ਗਰੇਵਾਲ ਦੀ ਸਿੱਖ ਪਛਾਣ ਨੂੰ ਲੈ ਕੇ ਰੇਡੀਓ ਐਂਕਰਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਉਨ੍ਹਾਂ ਦੀ ਨਫ਼ਰਤ ਭਰੀ ਮਾਨਸਿਕਤਾ ਨੂੰ ਪ੍ਰਗਟਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਐਂਕਰਾਂ ਵੱਲੋਂ ਇਕ ਸਿੱਖ ਨੂੰ ਉਸ ਦੇ ਨਾਂ ਨਾਲ ਜਾਣਨ ਦੀ ਥਾਂ ਮਜ਼ਾਕ ਭਰੇ ਲਹਿਜ਼ੇ ਵਿਚ ਪੱਗੜੀਧਾਰੀ ਵਿਅਕਤੀ ਕਹਿਣਾ ਸਿੱਖਾਂ ਦੀ ਤੌਹੀਨ ਹੈ ਅਤੇ ਇਸ ਘਟਨਾ ਨੇ ਇਕ ਵਾਰ ਫਿਰ ਸਿੱਧ ਕਰ ਦਿੱਤਾ ਹੈ ਕਿ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿਚ ਸਿੱਖਾਂ ਦੀ ਤਰੱਕੀ ਕੁਝ ਲੋਕ ਅੱਜ ਵੀ ਬਰਦਾਸ਼ਤ ਨਹੀਂ ਕਰ ਰਹੇ।
ਉਨ੍ਹਾਂ ਕਿਹਾ ਕਿ ਸਿੱਖ ਆਪਣੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਾਬਤ-ਸੂਰਤ ਸਰੂਪ ਨਾਲ ਦੁਨੀਆਂ ਭਰ ਵਿਚ ਜਾਣੇ ਜਾਂਦੇ ਹਨ ਅਤੇ ਦਸਤਾਰ ਸਿੱਖਾਂ ਲਈ ਇਕ ਪਛਾਣ ਦੇ ਨਾਲ-ਨਾਲ ਇਕ ਧਾਰਮਿਕ ਚਿੰਨ੍ਹ ਵੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੁਨੀਆਂ ਨੂੰ ਇਹ ਗੱਲ ਵੀ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਸਿੱਖ ਹੱਕ-ਸੱਚ ਦੀ ਗੱਲ ਕਰਨ ਵਾਲੀ, ਈਮਾਨਦਾਰ ਅਤੇ ਮਿਹਨਤੀ ਕੌਮ ਹੈ। ਭਾਈ ਲੌਂਗੋਵਾਲ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮਾਮਲਿਆਂ ਸਬੰਧੀ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਨ ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰੇ ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੋਵੇ।
