ਦਿੱਲੀ ’ਚ ਸੰਵਿਧਾਨ ਸਾੜਨ ਵਾਲਿਆਂ ਦਾ ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਫੂਕਿਅਾ ਪੁਤਲਾ
Sunday, Aug 12, 2018 - 03:03 AM (IST)

ਫਗਵਾਡ਼ਾ, (ਜਲੋਟਾ, ਰੁਪਿੰਦਰ ਕੌਰ)- ਬੀਤੀ 9 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਮੋਦੀ ਸਰਕਾਰ ਵੱਲੋਂ ਸੰਸਦ ’ਚ ਐੱਸ. ਸੀ./ਐੱਸ. ਟੀ. ਐਕਟ ਸਬੰਧੀ ਪਾਸ ਕੀਤੇ ਬਿੱਲ ਖਿਲਾਫ ਮੁਜ਼ਾਹਰੇ ਦੌਰਾਨ ਭਾਰਤੀ ਸੰਵਿਧਾਨ ਨੂੰ ਸਾਡ਼ੇ ਜਾਣ ਖਿਲਾਫ ਅੰਬੇਡਕਰ ਸੈਨਾ ਮੂਲ ਨਿਵਾਸੀ ਵੱਲੋਂ ਅੱਜ ਫਗਵਾਡ਼ਾ ’ਚ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਸੰਵਿਧਾਨ ਵਿਰੋਧੀ ਤਾਕਤਾਂ ਦਾ ਪੁਤਲਾ ਫੂਕਿਅਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਉਪਰੰਤ ਐੱਸ. ਪੀ. ਮਨਦੀਪ ਸਿੰਘ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਹਰਭਜਨ ਸੁਮਨ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਲੋਕਤੰਤਰ ਦਾ ਸਨਮਾਨ ਜਨਕ ਗ੍ਰੰਥ ਹੈ, ਜਿਸ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਨੇ ਇਸ ਸੰਵਿਧਾਨ ਦੁਆਰਾ ਹੀ ਦੇਸ਼ ਦੇ ਕਰੋਡ਼ਾਂ ਦਲਿਤਾਂ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਹੈ। ਹੱਦ ਤਾਂ ਇਹ ਹੈ ਕਿ ਮਨੂੰਵਾਦੀ ਤਾਕਤਾਂ ਨੇ ਰੋਸ ਮੁਜ਼ਾਹਰੇ ਦੌਰਾਨ ਬਾਬਾ ਸਾਹਿਬ ਖਿਲਾਫ ਵੀ ਮਾਡ਼ੀ ਸ਼ਬਦਾਵਲੀ ਵਰਤੀ ਅਤੇ ਮੁਰਦਾਬਾਦ ਦੇ ਨਾਅਰੇ ਲਾਏ। ਉਨ੍ਹਾਂ ਕਿਹਾ ਕਿ ਮੋਦੀ ਰਾਜ ’ਚ ਆਰ. ਐੱਸ. ਐੱਸ. ਅਤੇ ਦਲਿਤ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਦਲਿਤ ਸਮਾਜ ਸਨਮਾਨ ਨਾਲ ਜੀਵਨ ਬਤੀਤ ਕਰ ਸਕੇ।
ਇਹ ਅੱਜ ਵੀ ਦਲਿਤਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ ਪਰ ਇਹ ਮਨਸੂਬੇ ਕਿਸੇ ਸੂਰਤ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਦੱਸਿਅਾ ਕਿ ਐੱਸ. ਪੀ. ਫਗਵਾਡ਼ਾ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਪਰ ਜੇਕਰ ਦਿੱਲੀ ’ਚ ਸੰਵਿਧਾਨ ਸਾਡ਼ਨ ਅਤੇ ਬਾਬਾ ਸਾਹਿਬ ਦੀ ਸ਼ਾਨ ਖਿਲਾਫ ਬੋਲਣ ਵਾਲਿਆਂ ਖਿਲਾਫ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕਰ ਕੇ ਕਾਰਵਾਈ ਨਾ ਕੀਤੀ ਗਈ ਤਾਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਪੈਦਾ ਹੋਣ ਵਾਲੇ ਹਾਲਾਤਾਂ ਦੀ ਜ਼ਿੰਮੇਵਾਰੀ ਪੁਲਸ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਹੈਪੀ ਕੌਲ, ਭੰਤੇ ਵਿਮਲ ਕੀਰਤੀ, ਭਾਰਤ, ਦੀਪਕ, ਡਾ. ਜਗਦੀਸ਼, ਪਵਨ ਬੱਧਣ, ਸੰਦੀਪ ਕੌਲਸਰ, ਮਨੀ, ਦੀਪਾ, ਅਸ਼ੋਕ ਖੋਥਡ਼ਾ, ਧਰਮਵੀਰ, ਸ਼ਸ਼ੀ ਬੰਗਡ਼, ਜੱਸੀ ਪਹਿਲਵਾਨ, ਕਮਲ ਹਾਕੂਪੁਰਾ ਆਦਿ ਹਾਜ਼ਰ ਸਨ।