...ਤੇ ਇਸ ਕਾਰਨ ਕੈਨੇਡਾ ਤੋਂ ਡਿਪੋਰਟ ਹੋਏ ''ਆਪ'' ਦੇ 2 ਵਿਧਾਇਕ
Monday, Jul 23, 2018 - 12:35 PM (IST)

ਨਵੀਂ ਦਿੱਲੀ/ਲੁਧਿਆਣਾ (ਪਰਮੀਤ) : ਕੈਨੇਡੀਅਨ ਏਅਰਪੋਰਟ ਅਥਾਰਟੀ ਵਲੋਂ ਬੀਤੇ ਦਿਨ ਡਿਪੋਰਟ ਕੀਤੇ ਗਏ 'ਆਪ' ਦੇ 2 ਵਿਧਾਇਕ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਤੇ ਕੋਟਕਪੂਰਾ ਤੋਂ ਕੁਲਤਾਰ ਸਿੰਘ ਅੱਜ ਸਵੇਰੇ ਦਿੱਲੀ ਪੁੱਜ ਗਏ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਵਾਸੀ ਡਾ. ਅਮਨਦੀਪ ਸਿੰਘ ਬੈਂਸ ਦੀ ਸ਼ਿਕਾਇਤ 'ਤੇ ਹੀ ਵਿਧਾਇਕ ਸੰਦੋਆ ਤੇ ਕੁਲਤਾਰ ਸਿੰਘ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੀ ਏਅਰਪੋਰਟ ਅਥਾਰਟੀ ਨੂੰ ਸੰਦੋਆ ਵਲੋਂ ਕੁੜੀਆਂ ਨਾਲ ਬਦਫੈਲੀ ਤੇ ਛੇੜਛਾੜ ਕਰਨ ਦੀ ਸ਼ਿਕਾਇਤ ਕੀਤੀ ਸੀ, ਜਿਸ 'ਤੇ ਕੈਨੇਡਾ ਦੇ ਕਾਨੂੰਨ ਮੁਤਾਬਕ ਤੁਰੰਤ ਕਾਰਵਾਈ ਕਰਦੇ ਹੋਏ ਅਥਾਰਟੀ ਨੇ ਉਕਤ ਦੋਹਾਂ ਵਿਧਾਇਕਾਂ ਨੂੰ ਸਵਾਲ-ਜਵਾਲ ਕੀਤੇ ਪਰ ਜਵਾਬ ਸਹੀ ਨਾ ਦੇਣ ਕਾਰਨ ਦੋਹਾਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਧਾਇਕਾਂ ਨੂੰ ਟਿਕਟ ਦੇਣ ਤੋਂ ਪਹਿਲਾਂ ਵੀ ਉਨ੍ਹਾਂ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦੀ ਸ਼ਿਕਾਇਤ ਵੱਲ ਕੋਈ ਧਿਆਨ ਨਾ ਦਿੰਦੇ ਹੋਏ ਦੋਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ। ਫਿਰ ਉਨ੍ਹਾਂ ਨੇ ਉਕਤ ਵਿਧਾਇਕਾਂ ਦੀ ਸ਼ਿਕਾਇਤ ਕੈਨੇਡੀਅਨ ਅਥਾਰਟੀ ਨੂੰ ਕੀਤੀ, ਜਿਸ ਤੋਂ ਬਾਅਦ ਦੋਹਾਂ ਨੂੰ ਕੈਨੇਡਾ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।
ਤੁਹਾਨੂੰ ਦੱਸ ਦੇਈਏ ਕਿ ਉਕਤ ਦੋਵੇਂ ਵਿਧਾਇਕਾਂ ਦਾ ਕਹਿਣਾ ਹੈ ਕਿ ਗਲਤ ਫਹਿਮੀ ਕਾਰਨ ਉਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਦੋਵੇਂ ਵਿਧਾਇਕ ਪਾਰਟੀ ਸੁਪਰੀਮੋ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਅਤ ਇਸ ਤੋਂ ਬਾਅਦ ਹੀ ਪੰਜਾਬ ਵਾਪਸ ਪਰਤਣਗੇ।