ਕੈਬਨਿਟ ਰੈਂਕ ਮਿਲਣ ਤੋਂ ਬਾਅਦ ਰਾਜਾ ਵੜਿੰਗ ਦੀ ਵਿਰੋਧੀਆਂ ਨੂੰ ਦੋ ਟੁੱਕ
Saturday, Sep 14, 2019 - 07:17 PM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਬਨਿਟ ਰੈਂਕ ਦਿੱਤੇ ਜਾਣ 'ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਫ ਕੀਤਾ ਹੈ ਕਿ ਉਹ ਮੰਤਰੀ ਵਾਲੀ ਕੋਈ ਸਹੂਲਤ ਨਹੀਂ ਲੈਣਗੇ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਨਿਯੁਕਤ ਹੋਣ ਉਪਰੰਤ ਅੱਜ ਸ੍ਰੀ ਦਰਬਾਰ ਸਾਹਿਬ ਮੁਕਤਸਰ ਵਿਖੇ ਨਤਮਸਤਕ ਹੋਣ ਪਹੁੰਚੇ ਰਾਜਾ ਵੜਿੰਗ ਨੇ ਵਿਰੋਧੀਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਨਹੀਂ ਪਾਉਣਗੇ, ਲਿਹਾਜ਼ਾ ਨਾ ਤਾਂ ਉਹ ਕੋਈ ਮੰਤਰੀ ਵਾਲੀ ਸਹੂਲਤ ਅਤੇ ਨਾ ਹੀ ਵਾਧੂ ਤਨਖਾਹ ਲੈਣਗੇ। ਵੜਿੰਗ ਨੇ ਕਿਹਾ ਕਿ ਜਨਤਾ ਦੇ ਕੰਮ ਕਰਨ ਲਈ ਦਫਤਰ ਅਤੇ ਦਫਤਰੀ ਸਟਾਫ ਜ਼ਰੂਰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਫਤਰ ਲਈ ਕਮਰਾ ਵੀ ਮੁੱਖ ਮੰਤਰੀ ਨੇ ਕੋਟੇ 'ਚੋਂ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 6 ਵਿਧਾਇਕਾਂ ਨੂੰ ਕੈਬਨਿਟ ਰੈਂਕ ਦੇ ਕੇ ਨਿਵਾਜਿਆ ਗਿਆ ਹੈ। ਜਿਸ ਦੇ ਚੱਲਦੇ ਵਿਰੋਧੀਆਂ ਵਲੋਂ ਲਗਾਤਾਰ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਵਿਰੋਧੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਇਕ ਪਾਸੇ ਤਾਂ ਸਰਕਾਰ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੀ ਹੈ ਅਤੇ ਦੂਜੇ ਪਾਸੇ ਅਜਿਹੇ ਫੈਸਲਿਆਂ ਨਾਲ ਖਜ਼ਾਨੇ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਉਕਤ ਵਿਧਾਇਕਾਂ ਨੇ ਐਲਾਨ ਕੀਤਾ ਕਿ ਉਹ ਨਾ ਤਾਂ ਮੰਤਰੀਆਂ ਵਾਲੀਆਂ ਸਹੂਲਤਾਂ ਲੈਣਗੇ ਅਤੇ ਨਾ ਹੀ ਖਜ਼ਾਨੇ 'ਤੇ ਵਾਧੂ ਬੋਝ ਪਾਉਣਗੇ।