ਟਰਾਂਸਪੋਰਟ ਮਹਿਕਮੇ 'ਚ ਹੋਵੇਗਾ ਵੱਡਾ ਫੇਰਬਦਲ: ਅਧਿਕਾਰੀਆਂ ਦੀ ਤਿਆਰ ਹੋਈ ਸੂਚੀ ’ਤੇ ਮੋਹਰ ਲੱਗਣੀ ਬਾਕੀ

Wednesday, Oct 20, 2021 - 11:27 AM (IST)

ਜਲੰਧਰ (ਪੁਨੀਤ)– ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅਹੁਦਾ ਸੰਭਾਲਿਆਂ 15 ਦਿਨਾਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਅਧਿਕਾਰੀਆਂ ਦੀਆਂ ਕੁਰਸੀਆਂ ਵਿਚ ਅਜੇ ਤੱਕ ਕੋਈ ਵੱਡਾ ਫੇਰਬਦਲ ਨਹੀਂ ਕੀਤਾ ਗਿਆ। ਨਵਾਂ ਮੰਤਰੀ ਬਣਨ ਤੋਂ ਬਾਅਦ ਸਬੰਧਤ ਮਹਿਕਮੇ ਵਿਚ ਤਬਾਦਲਿਆਂ ਦਾ ਦੌਰ ਚੱਲਦਾ ਹੈ, ਜਿਸ ਕਾਰਨ ਸਾਰਿਆਂ ਦੀਆਂ ਨਜ਼ਰਾਂ ਰਾਜਾ ਵੜਿੰਗ ਦੇ ਕਾਰਜਕਾਲ ਵਿਚ ਹੋਣ ਵਾਲੇ ਫੇਰਬਦਲ ’ਤੇ ਟਿਕੀਆਂ ਹੋਈਆਂ ਹਨ।

PunjabKesari

ਸੂਤਰ ਦੱਸਦੇ ਹਨ ਕਿ ਵੜਿੰਗ ਨੇ ਚਾਰਜ ਸੰਭਾਲਣ ਦੇ ਤੁਰੰਤ ਬਾਅਦ ਤਬਾਦਲਿਆਂ ਦੀ ਝੜੀ ਨਹੀਂ ਲਾਈ ਪਰ ਉਨ੍ਹਾਂ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਰਾਜਾ ਵੜਿੰਗ ਜਿਸ ਸ਼ਹਿਰ ਵਿਚ ਜਾ ਕੇ ਜਾ ਕੇ ਛਾਪੇਮਾਰੀ ਕਰਦੇ ਹਨ, ਉਥੋਂ ਦੀ ਕਾਰਜਪ੍ਰਣਾਲੀ ਨੂੰ ਉਹ ਡੂੰਘਾਈ ਨਾਲ ਵੇਖਦੇ ਹਨ। ਇਸੇ ਕਾਰਨ ਨਵੇਂ ਅਧਿਕਾਰੀਆਂ ਨੂੰ ਤਾਇਨਾਤ ਕਰਨ ਤੋਂ ਪਹਿਲਾਂ ਕਈ ਪਹਿਲੂਆਂ ’ਤੇ ਲੰਮੀ ਵਿਚਾਰ ਚਰਚਾ ਰੋਜ਼ਾਨਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਵੀ ਰਾਜਾ ਵੜਿੰਗ ਦੀ ਟਰਾਂਸਪੋਰਟ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਹੋਈ। ਇਸ ਮੀਟਿੰਗ ਵਿਚ ਨਵੀਂ ਤਿਆਰ ਹੋਈ ਤਬਾਦਲਿਆਂ ਦੀ ਲਿਸਟ ’ਤੇ ਵਿਚਾਰ ਹੋਇਆ। ਸੂਤਰ ਦੱਸਦੇ ਹਨ ਕਿ ਇਸ ਵਾਰ ਜਿਹੜੇ ਤਬਾਦਲੇ ਹੋਣਗੇ, ਉਹ ਸਾਰਿਆਂ ਦੀ ਸੋਚ ਤੋਂ ਪਰ੍ਹੇ ਹੋਣਗੇ ਕਿਉਂਕਿ ਵੜਿੰਗ ਅਜਿਹੇ ਅਧਿਕਾਰੀਆਂ ਨੂੰ ਲਾਉਣਾ ਚਾਹੁੰਦੇ ਹਨ, ਜਿਨ੍ਹਾਂ ’ਤੇ ਦਬਾਅ ਬਣਾ ਕੇ ਗਲਤ ਕੰਮ ਨਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡਾ ਹਾਦਸਾ: ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ

PunjabKesari

ਆਮ ਤੌਰ ’ਤੇ ਵੇਖਣ ਵਿਚ ਆਇਆ ਕਿ ਟਰਾਂਸਪੋਰਟ ਮਹਿਕਮੇ ਵਿਚ ਉੱਚ ਅਹੁਦਿਆਂ ’ਤੇ ਤਾਇਨਾਤ ਹੋਣ ਵਾਲੇ ਵਧੇਰੇ ਅਧਿਕਾਰੀ ਸਬੰਧਤ ਸ਼ਹਿਰ ਦੇ ਸੀਨੀਅਰ ਆਗੂਆਂ ਜਾਂ ਮੰਤਰੀਆਂ ਦੀ ਮਰਜ਼ੀ ਨਾਲ ਹੀ ਲਾਏ ਜਾਂਦੇ ਹਨ। ਇਸ ਵਾਰ ਹੋਣ ਵਾਲੀ ਪੋਸਟਿੰਗ ਵਿਚ ਕਿਸੇ ਆਗੂ ਦੀ ਦਖ਼ਲਅੰਦਾਜ਼ੀ ਬਹੁਤ ਮੁਸ਼ਕਿਲ ਲੱਗ ਰਹੀ ਹੈ। ਇਸ ਵਾਰ ਕੰਮ ਕਰਨ ਵਾਲਿਆਂ ਨੂੰ ਮਹੱਤਤਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਨੂੰ ਪਾਵਰ ਦਿੱਤੀ ਜਾਵੇਗੀ ਤਾਂ ਕਿ ਉਹ ਮਹਿਕਮੇ ਵਿਚ ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਕੇ ਲਾਭ ਹਾਸਲ ਕਰ ਸਕਣ। ਦੂਜੇ ਪਾਸੇ ਜਿਹੜੇ ਡਿਪੂਆਂ ਵਿਚ ਰਾਜਾ ਵੜਿੰਗ ਅਜੇ ਤੱਕ ਚੈਕਿੰਗ ਕਰਨ ਨਹੀਂ ਪਹੁੰਚੇ, ਉਥੋਂ ਦੇ ਅਧਿਕਾਰੀ ਬਹੁਤ ਚੌਕਸ ਨਜ਼ਰ ਆ ਰਹੇ ਹਨ। ਤਬਾਦਲਿਆਂ ਦੇ ਡਰ ਨਾਲ ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਹੋਰ ਸਹੂਲਤਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਕੰਮ ਕਰਨ ਵਾਲੇ ਕਈ ਅਧਿਕਾਰੀ ਲੱਗੇ ਹੋਏ ਹਨ ਖੁੱਡੇ ਲਾਈਨ
ਇਸ ਸਮੇਂ ਰੋਡਵੇਜ਼ ਵਿਚ ਕਈ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਖੁੱਡੇ ਲਾਈਨ ਲਾ ਕੇ ਦੂਰ ਸ਼ਹਿਰਾਂ ਵਿਚ ਪੋਸਟਿੰਗ ਦਿੱਤੀ ਗਈ ਹੈ, ਜਿੱਥੇ ਕੰਮ ਦਾ ਵਰਕਲੋਡ ਹੀ ਨਹੀਂ ਹੈ। ਕਈ ਅਧਿਕਾਰੀ ਤਾਂ ਅਜਿਹੇ ਡਿਪੂਆਂ ਵਿਚ ਕੰਮ ਕਰ ਰਹੇ ਹਨ, ਜਿੱਥੇ ਮਹਿਕਮੇ ਦੀਆਂ ਏ. ਸੀ. ਬੱਸਾਂ ਵੀ ਮੁਹੱਈਆ ਨਹੀਂ ਹਨ। ਹੁਣ ਵੇਖਣਾ ਹੋਵੇਗਾ ਕਿ ਰਾਜਾ ਵੜਿੰਗ ਦੇ ਕਾਰਜਕਾਲ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਕਿਸ ਤਰ੍ਹਾਂ ਨਿਯੁਕਤੀ ਕੀਤੀ ਜਾਂਦੀ ਹੈ। ਇਕ ਗੱਲ ਤਾਂ ਪੱਕੀ ਹੈ ਕਿ ਫੇਰਬਦਲ ਵਿਚ ਕਈਆਂ ਨੂੰ ਅਹਿਮ ਜ਼ਿੰਮੇਵਾਰੀਆਂ ਮਿਲਣਗੀਆਂ। ਹੁਣ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਉਹ ਕਿਸ ਢੰਗ ਨਾਲ ਕੰਮ ਕਰਨਗੇ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਵੜਿੰਗ ਦੇ ਆਉਣ ਤੋਂ ਬਾਅਦ ਕਈ ਅਜਿਹੇ ਅਧਿਕਾਰੀ ਵੀ ਐਕਟਿਵ ਹੋ ਚੁੱਕੇ ਹਨ, ਜਿਹੜੇ ਦੂਰ-ਦੁਰਾਡੇ ਸ਼ਹਿਰਾਂ ਵਿਚ ਛੋਟੇ ਡਿਪੂਆਂ ਤੋਂ ਤਬਦੀਲ ਹੋ ਕੇ ਵੱਡੇ ਸ਼ਹਿਰਾਂ ਵਿਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ

ਜਲੰਧਰ ਡਿਪੂ-2 ਨੂੰ ਨਵੇਂ ਜੀ. ਐੱਮ. ਵਜੋਂ ਮਿਲੇਗਾ ਪੁਰਾਣਾ ਅਧਿਕਾਰੀ
ਜਲੰਧਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਰੋਡਵੇਜ਼ ਦੇ 2 ਡਿਪੂ ਹਨ। ਉਕਤ ਦੋਵੇਂ ਡਿਪੂ ਪੰਜਾਬ ਦੇ ਮੋਹਰੀ ਡਿਪੂਆਂ ਵਿਚ ਸ਼ੁਮਾਰ ਹਨ। ਇਥੇ ਡਿਪੂ-2 ਦੇ ਜੀ. ਐੱਮ. ਦਾ ਅਹੁਦਾ ਕਾਫ਼ੀ ਸਮੇਂ ਤੋਂ ਖ਼ਾਲੀ ਪਿਆ ਹੈ ਅਤੇ ਜੀ. ਐੱਮ. ਪਰਮਵੀਰ ਸਿੰਘ ਨੂੰ ਐਡੀਸ਼ਨਲ ਚਾਰਜ ਸੌਂਪਿਆ ਗਿਆ ਹੈ। ਡਿਪੂ-2 ’ਤੇ ਸੁਤੰਤਰ ਰੂਪ ਵਿਚ ਕੰਮ ਕਰਨ ਲਈ ਜੀ. ਐੱਮ. ਦੀ ਲੋੜ ਹੈ ਅਤੇ ਅਧਿਕਾਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

PunjabKesari
ਡਿਪੂ-2 ਤੋਂ ਹਿਮਾਚਲ ਅਤੇ ਉਤਰਾਖੰਡ ਵਰਗੇ ਸੂਬਿਆਂ ਲਈ ਕਈ ਟਾਈਮ ਟੇਬਲ ਚੱਲਦੇ ਹਨ, ਜਿਸ ਕਾਰਨ ਇਥੇ ਵਰਕਲੋਡ ਜ਼ਿਆਦਾ ਹੈ। ਸੂਤਰ ਦੱਸਦੇ ਹਨ ਕਿ ਡਿਪੂ-2 ਵਿਚ ਜੀ. ਐੱਮ. ਲਾਉਣ ਲਈ ਸਹਿਮਤੀ ਲਗਭਗ ਬਣ ਚੁੱਕੀ ਹੈ ਅਤੇ ਇਥੇ ਪਹਿਲੇ ਜੀ. ਐੱਮ. ਵਜੋਂ ਕੰਮ ਕਰ ਚੁੱਕੇ ਇਕ ਪੁਰਾਣੇ ਅਧਿਕਾਰੀ ਨੂੰ ਨਵੇਂ ਜੀ. ਐੱਮ. ਵਜੋਂ ਤਾਇਨਾਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News