ਆਪਣੇ ਸ਼ਹਿਰ ''ਚੋਂ ਹੀ ਲੋਕਾਂ ਦਾ ਭਰੋਸਾ ਗਵਾ ਚੁੱਕੇ ਅਮਰਿੰਦਰ ਅਸਤੀਫਾ ਦੇਣ : ਰੱਖੜਾ
Wednesday, Dec 20, 2017 - 07:57 AM (IST)

ਪਟਿਆਲਾ (ਜੋਸਨ, ਪਰਮੀਤ, ਬਲਜਿੰਦਰ, ਰਾਣਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲਾ ਪਟਿਆਲਾ ਅਕਾਲੀ ਦਲ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪਟਿਆਲਾ ਚੋਣ ਵਿਚ ਹੋਈ ਗੁੰਡਾਗਰਦੀ ਤੇ ਬੁਰਛਾਗਰਦੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਹਿਰ 'ਚ ਹੀ ਲੋਕਾਂ ਦੀ ਭਰੋਸੇਯੋਗਤਾ ਗਵਾ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਹੁਣ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸ. ਰੱਖੜਾ ਅੱਜ ਇਥੇ ਦੇਰ ਸ਼ਾਮ ਇਕ ਭਰਵੀਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਾਬਕਾ ਮੰਤਰੀ ਨੇ ਆਖਿਆ ਕਿ ਕਾਂਗਰਸ 9 ਮਹੀਨੇ ਪਹਿਲਾਂ ਪਟਿਆਲਾ ਦੀਆਂ ਦੋਵਾਂ ਵਿਧਾਨ ਸਭਾ ਸੀਟਾਂ ਤੋਂ 92000 ਵੋਟ ਨਾਲ ਜਿੱਤੀ ਸੀ। ਅੱਜ ਸਿਰਫ 9 ਮਹੀਨਿਆਂ ਬਾਅਦ ਹੀ ਕਾਂਗਰਸ ਦਾ ਗ੍ਰਾਫ ਇੰਨਾ ਹੇਠਾਂ ਡਿੱਗਾ ਕਿ ਉਸ ਨੇ ਦੋਵਾਂ ਵਿਧਾਨ ਸਭਾ ਹਲਕਿਆਂ ਵਿਚ ਪੈਂਦੇ 59 ਵਾਰਡਾਂ ਵਿਚ ਗੁੰਡਾਗਰਦੀ ਕਰ ਕੇ ਪੁਲਸ ਦੀ ਮਦਦ ਨਾਲ ਧੱਕੇ ਨਾਲ ਚੋਣਾਂ ਜਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 37 ਦੀ ਚੋਣ ਅੱਜ ਪੂਰੀ ਤਰ੍ਹਾਂ ਪਾਰਦਰਸ਼ੀ ਹੋਈ। ਉਸ ਵਿਚ ਅਕਾਲੀ ਦਲ ਦੀ ਜਿੱਤ ਜਿੱਥੇ ਕਾਂਗਰਸ ਦੇ ਮੂੰਹ 'ਤੇ ਚਪੇੜ ਸਾਬਤ ਹੋਈ ਹੈ, ਉਥੇ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਸਾਰੀਆਂ ਸੀਟਾਂ 'ਤੇ ਸਾਫ-ਸੁਥਰੀ ਚੋਣ ਹੋ ਜਾਂਦੀ ਤਾਂ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਜਾਣੀਆਂ ਸਨ। ਰੱਖੜਾ ਨੇ ਕਿਹਾ ਕਿ ਇਸ ਵਾਰਡ ਵਿਚ ਕਾਂਗਰਸੀ ਵਰਕਰ ਨੇ ਹੀ ਮਸ਼ੀਨ ਤੋੜੀ ਸੀ। ਅੱਜ ਸਾਫ ਹੋ ਗਿਆ ਕਿ ਪਟਿਆਲਾ ਦੇ ਲੋਕ ਕਿਸ ਦੇ ਨਾਲ ਹਨ।
ਰੱਖੜਾ ਨੇ ਆਖਿਆ ਕਿ ਨਿਗਮ ਚੋਣ ਅਕਾਲੀ ਦਲ ਨੇ ਕਾਂਗਰਸ ਨਾਲ ਨਹੀਂ, ਸਗੋਂ ਪਟਿਆਲਾ ਪੁਲਸ ਨਾਲ ਲੜੀਆਂ ਹਨ। ਅਸੀਂ ਹਾਈ ਕੋਰਟ ਵਿਚ 2 ਕੇਸ ਫਾਈਲ ਕਰ ਰਹੇ ਹਾਂ। ਪਹਿਲਾ ਕੇਸ ਜ਼ਿਲਾ ਪ੍ਰਸ਼ਾਸਨ ਤੇ ਪੁਲਸ ਖਿਲਾਫ ਹੈ, ਜਿਸ ਨੇ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਹਨ। ਵਾਰਡਾਂ ਦੀ ਚੋਣ ਵੇਲੇ ਨਾ ਤਾਂ ਵੀਡੀਓਗ੍ਰਾਫੀ ਕਰਵਾਈ ਤੇ ਨਾ ਹੀ ਅਮਨ-ਕਾਨੂੰਨ ਦੀ ਰਾਖੀ ਕੀਤੀ। ਦੂਜਾ ਕੇਸ ਜਾਅਲੀ ਢੰਗ ਨਾਲ ਵੋਟਿੰਗ ਕਰ ਕੇ ਧੱਕੇ ਨਾਲ ਜਿੱਤਣ ਖਿਲਾਫ ਹੋਵੇਗਾ।
ਇਸ ਮੌਕੇ ਸਾਬਕਾ ਚੇਅਰਮੈਨ ਹਰਿਦੰਰਪਾਲ ਸਿੰਘ ਹਰਪਾਲਪੁਰ, ਰਣਧੀਰ ਸਿੰਘ ਰੱਖੜਾ, ਨਰਦੇਵ ਸਿੰਘ ਆਕੜੀ, ਵਿਸ਼ਨੂੰ ਸ਼ਰਮਾ, ਜਸਬੀਰ ਸਿੰਘ ਬਘੌਰ, ਜਸਵਿੰਦਰ ਸਿੰਘ ਚੀਮਾ, ਇੰਦਰਜੀਤ ਰੱਖੜਾ, ਸੋਨੀ ਪੀ. ਏ. ਸ. ਰੱਖੜਾ ਤੇ ਹੋਰ ਵੀ ਨੇਤਾ ਹਾਜ਼ਰ ਸਨ।
ਅਕਾਲੀ ਨੇਤਾਵਾਂ ਖਿਲਾਫ ਪਰਚੇ ਦਰਜ ਕਰਨੇ ਧੱਕੇਸ਼ਾਹੀ ਦੀ ਹੱਦ
ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਪੁਲਸ ਵੱਲੋਂ ਜਸਪਾਲ ਸਿੰਘ ਬਿੱਟੂ ਚੱਠਾ, ਮਾਲਵਿੰਦਰ ਸਿੰਘ ਝਿੱਲ, ਰਜਿੰਦਰ ਸਿੰਘ ਵਿਰਕ ਤੇ ਹੋਰ ਅਕਾਲੀ ਨੇਤਾਵਾਂ ਖਿਲਾਫ ਝੂਠੇ ਕੇਸ ਦਰਜ ਕਰਨ ਦੀ ਤਿੱਖੀ ਨਿੰਦਾ ਕਰਦਿਆਂ ਕਿਹਾ ਕਿ ਅਕਾਲੀ ਵਰਕਰਾਂ 'ਤੇ ਬੋਗਸ ਕੇਸ ਦਰਜ ਕਰਨ ਵਾਲੇ ਪੁਲਸ ਅਫਸਰਾਂ ਨਾਲ ਅਕਾਲੀ ਸਰਕਾਰ ਬਣਦੇ ਹੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।