ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਚੇਤਨਾ ਮਾਰਚ

Saturday, Sep 03, 2022 - 11:28 AM (IST)

ਅੰਮ੍ਰਿਤਸਰ (ਸਰਬਜੀਤ) - ਰੰਗਰੇਟੇ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 361ਵੇਂ ਜਨਮ ਦਿਹਾੜੇ ਨੂੰ ਸਮਰਪਿਤ 23ਵਾਂ ਚੇਤਨਾ ਮਾਰਚ ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ। ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ ਵਲੋਂ ਆਯੋਜਿਤ ਇਸ ਚੇਤਨਾ ਮਾਰਚ ’ਚ ਸ਼ਬਦੀ ਧੁੰਨਾਂ ਵਜਾਉਂਦੀਆਂ ਬੈਂਡ ਪਾਰਟੀਆਂ, ਗਤਕੇਬਾਜ਼ੀ ਦੇ ਜੌਹਰ ਦਿਖਾਉਂਦੀਆਂ ਗੁਰੂ ਕੀਆਂ ਲਾਡਲੀਆਂ ਫੌਜਾਂ, ਸ਼ਬਦੀ ਜੱਥੇ ਅਤੇ ਪੰਜਾਬ, ਹਰਿਆਣਾ, ਯੂ.ਪੀ., ਹਿਮਾਚਲ ਪ੍ਰਦੇਸ਼ ਅਤੇ ਅਸਾਮ ਸਮੇਤ ਵੱਖ-ਵੱਖ ਰਾਜਾਂ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਸ਼ਾਮਲ ਹੋਈਆਂ। 

PunjabKesari

ਨਗਰ ਕੀਰਤਨ ਦੀ ਆਰੰਭਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਅਤ ਸਿੰਘ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਮੈਨੇਜਰ ਜਸਪਾਲ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਿਡ ਅਤੇ ਸੰਸਥਾ ਦੇ ਚੇਅਰਮੈਨ ਜਸਵੰਤ ਸਿੰਘ ਸਮੇਤ ਅਨੇਕਾਂ ਪੰਥਕ ਹਸਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬਿਕਰਮ ਮਜੀਠੀਆ ਨੇ ਸਮੂਹ ਸੰਗਤ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ।

PunjabKesari

ਦੱਸ ਦੇਈਏ ਕਿ ਫੁੱਲਾਂ ਨਾਲ ਸਜਾਈ ਹੋਈ ਬਸ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰਦਾਸ ਉਪਰੰਤ ਆਰੰਭ ਹੋਏ ਇਸ ਨਗਰ ਕੀਰਤਨ ਦਾ ਸੰਗਤਾਂ ਵਲੋਂ ਥਾਂ-ਥਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸਟ ਦੇ ਚੇਅਰਮੈਨ ਜਸਵੰਤ ਸਿੰਘ ਨੇ ਦੱਸਿਆ ਕਿ ਬਾਬਾ ਜੀਵਨ ਸਿੰਘ ਨੇ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਲਗਭਗ ਸਾਰੀਆਂ ਜੰਗਾਂ ’ਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਸ ਦੌਰਾਨ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਵੀ ਦਿੱਤਾ। 

PunjabKesari

ਇਨ੍ਹਾਂ ਹੀ ਨਹੀਂ ਜਦੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਦਿੱਲੀ ਦੀ ਚਾਂਦਨੀ ਚੌਂਕ ’ਚ ਮੁਗਲਾਂ ਵਲੋਂ ਸ਼ਹੀਦ ਕਰਦਿਆਂ ਉਨ੍ਹਾਂ ਦਾ ਸ਼ੀਸ਼ ਧੜ ਨਾਲੋਂ ਅਲੱਗ ਕਰ ਦਿੱਤਾ ਗਿਆ ਤਾਂ ਬਾਬਾ ਜੀਵਨ ਸਿੰਘ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ਦਾ ਸ਼ੀਸ਼ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ ਅਨੰਦਪੁਰ ਸਾਹਿਬ ਪਹੁੰਚੇ। ਬਾਬਾ ਜੀਵਨ ਸਿੰਘ ਦੀ ਸੇਵਾਵਾਂ ਤੋਂ ਖੁਸ਼ ਹੁੰਦਿਆਂ ਦਸ਼ਮ ਪਿਤਾ ਨੇ ਬਾਬਾ ਜੀਵਨ ਸਿੰਘ ਨੂੰ ਰੰਗਰੇਟੇ ਗੁਰੂ ਕੇ ਬੇਟੇ ਦੇ ਖਿਤਾਬ ਨਾਲ ਨਿਵਾਜਿਆ। 

PunjabKesari

ਜਸਵੰਤ ਸਿੰਘ ਨੇ ਦੱਸਿਆ ਕਿ ਇਹ 23ਵਾਂ ਚੇਤਨਾ ਮਾਰਚ ਬਾਬਾ ਜੀਵਨ ਸਿੰਘ ਦੀ ਮਹਾਨ ਸ਼ਹਾਦਤ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਾ ਹੋਇਆ ਵੱਖ-ਵੱਖ ਪਿੰਡਾਂ ਸ਼ਹਿਰਾਂ ’ਚੋਂ ਹੁੰਦਾ ਹੋਇਆ ਅੱਜ ਰਾਤ ਫਤਹਿਗੜ੍ਹ ਸਾਹਿਬ ਪਹੁੰਚੇਗਾ। ਰਾਤਰੀ ਵਿਸ਼ਰਾਮ ਤੋਂ ਬਾਅਦ ਭਲਕੇ 4 ਸਤੰਬਰ ਦੀ ਸ਼ਾਮ ਸ੍ਰੀ ਅੰਨਦਪੁਰ ਸਾਹਿਬ ਪਹੁੰਚ ਕੇ ਸੰਪਨ ਹੋਵੇਗਾ ਅਤੇ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖ ਕੌਮ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਨਸ਼ਿਆਂ ਤੇ ਹੋਰ ਅਲਾਮਤਾਂ ਤੋਂ ਦੂਰ ਹੋਈਏ ਅਤੇ ਗੁਰੂ ਦੇ ਲੜ ਲਗੀਏ।

PunjabKesari

PunjabKesari


rajwinder kaur

Content Editor

Related News