ਅਮਨ ਮਰਡਰ ਕੇਸ : ਨਾਬਾਲਗ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

Sunday, Apr 01, 2018 - 08:10 AM (IST)

ਅਮਨ ਮਰਡਰ ਕੇਸ : ਨਾਬਾਲਗ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) - ਸੈਕਟਰ-25 ਵਿਚ ਚਾਕੂ ਮਾਰ ਕੇ ਅਮਨ ਦੀ ਹੱਤਿਆ ਕਰਨ ਵਾਲੇ 16 ਸਾਲਾ ਨਾਬਾਲਗ ਸਮੇਤ ਦੋ ਨੌਜਵਾਨਾਂ ਨੂੰ ਪੁਲਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਣ ਸੈਕਟਰ-25 ਨਿਵਾਸੀ ਸੋਮੀ ਤੇ ਇਕ ਨਾਬਾਲਗ ਦੇ ਰੂਪ ਵਿਚ ਹੋਈ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨਾਬਾਲਗ ਨੇ ਹੀ ਅਮਨ ਦੇ ਢਿੱਡ ਵਿਚ ਚਾਕੂ ਮਾਰ ਕੇ ਹੱਤਿਆ ਕੀਤੀ ਸੀ। ਸੋਮੀ ਵੀ ਇਸ ਵਾਰਦਾਤ ਵਿਚ ਉਸ ਦੇ ਨਾਲ ਸੀ।
ਪੁਲਸ ਨੇ ਦੱਸਿਆ ਕਿ ਸੋਮੀ ਡੀ. ਜੇ. ਵਜਾਉਣ ਦਾ ਕੰਮ ਕਰਦਾ ਹੈ। ਸੈਕਟਰ-11 ਸਥਿਤ ਪੁਲਸ ਇਸ ਮਾਮਲੇ ਵਿਚ ਸੈਕਟਰ-25 ਨਿਵਾਸੀ ਤਰਸੇਮ ਦੀ ਭਾਲ ਕਰਕੇ ਉਸਦੀ ਭੂਮਿਕਾ ਦੀ ਜਾਂਚ ਵਿਚ ਲੱਗੀ ਹੋਈ ਹੈ। ਪੁਲਸ ਨੇ ਨਾਬਾਲਗ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ। ਹੱਤਿਆ ਵਿਚ ਹੋਰ ਮੁਲਜ਼ਮਾਂ ਬਾਰੇ ਵੀ ਪੁੱਛਗਿੱਛ ਕਰਨ ਲਈ ਪੁਲਸ ਸੋਮੀ ਨੂੰ ਐਤਵਾਰ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰੇਗੀ।
ਪੈਟਰੋਲ ਪੰਪ 'ਤੇ ਪਹਿਲਾਂ ਤੇਲ ਪਵਾਉਣ ਤੋਂ ਹੋਈ ਸੀ ਸੰਨੀ ਤੇ ਤਰਸੇਮ 'ਚ ਬਹਿਸ
ਪੁਲਸ ਨੇ ਦੱਸਿਆ ਕਿ ਸੈਕਟਰ-25 ਨਿਵਾਸੀ ਜ਼ਖਮੀ ਸੰਨੀ ਤੇ ਤਰਸੇਮ ਵਿਚਕਾਰ ਦੋ ਦਿਨ ਪਹਿਲਾਂ ਸੈਕਟਰ-37 ਦੇ ਪੈਟ੍ਰੋਲ ਪੰਪ 'ਤੇ ਪਹਿਲਾਂ ਤੇਲ ਪਵਾਉਣ ਤੋਂ ਬਹਿਸ ਹੋਈ ਸੀ। ਬਹਿਸ ਦਾ ਬਦਲਾ ਲੈਣ ਲਈ ਤਰਸੇਮ ਘੁੰਮ ਰਿਹਾ ਸੀ। ਜ਼ਖਮੀ ਸੰਨੀ ਨੇ ਦੋਸ਼ ਲਾਇਆ ਕਿ ਸ਼ੁੱਕਰਵਾਰ ਰਾਤ ਨੂੰ ਸਾਢੇ 9 ਵਜੇ ਤਰਸੇਮ ਨੇ ਉਸ ਤੋਂ ਬਦਲਾ ਲੈਣ ਲਈ ਆਪਣੇ ਸਾਥੀ ਸੋਮੀ ਤੇ ਨਾਬਾਲਗ ਨੂੰ ਤਿਆਰ ਕੀਤਾ ਸੀ। ਸ਼ੁੱਕਰਵਾਰ ਰਾਤ ਨੂੰ ਜਦੋਂ ਸੰਨੀ ਆਪਣੇ ਜੀਜੇ ਅਮਨ ਨਾਲ ਘਰੋਂ ਬਾਹਰ ਆਇਆ ਤਾਂ ਤਰਸੇਮ, ਸੋਮੀ ਤੇ ਨਾਬਾਲਗ ਸਮੇਤ ਹੋਰ ਹਮਲਾਵਰਾਂ ਨੇ ਉਨ੍ਹਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ।
ਪੁਲਸ ਨੇ ਜ਼ਖਮੀ ਸੰਨੀ ਤੇ ਅਮਨ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਸੀ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸੰਨੀ ਨੇ ਦੋਸ਼ ਲਾਇਆ ਕਿ ਉਸ ਦੇ ਜੀਜੇ ਅਮਨ ਦੀ ਹੱਤਿਆ ਕਰਨ ਵਿਚ ਤਰਸੇਮ, ਸੋਮੀ, ਨਾਬਾਲਗ ਸਮੇਤ ਪੰਜ ਨੌਜਵਾਨ ਸ਼ਾਮਲ ਹਨ, ਉਥੇ ਹੀ ਅਮਨ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਸੈਕਟਰ-16 ਦੇ ਹਸਪਤਾਲ ਵਿਚ ਜੰਮ ਕੇ ਹੰਗਾਮਾ ਕੀਤਾ ਸੀ। ਮੌਕੇ 'ਤੇ ਰਿਜ਼ਰਵ ਫੋਰਸ ਬੁਲਾਉਣੀ ਪਈ ਸੀ। ਐੱਸ. ਐੱਸ. ਪੀ. ਨੇ ਮੌਕੇ 'ਤੇ ਪਹੁੰਚ ਕੇ ਖੁਦ ਮੋਰਚਾ ਸੰਭਾਲਿਆ ਸੀ।
ਚੌਕੀ ਇੰਚਾਰਜ 'ਤੇ ਲਾਏ ਮੁੱਖ ਮੁਲਜ਼ਮ ਨੂੰ ਬਚਾਉਣ ਦੇ ਦੋਸ਼
ਮ੍ਰਿਤਕ ਅਮਨ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਹੱਤਿਆ ਕਰਨ ਵਾਲੇ ਮੁਲਜ਼ਮ ਤਰਸੇਮ ਦੇ ਸੈਕਟਰ-24 ਚੌਕੀ ਇੰਚਾਰਜ ਰੋਹਤਾਸ਼ ਨਾਲ ਚੰਗੇ ਸਬੰਧ ਹਨ। ਇਸੇ ਕਾਰਨ ਉਹ ਉਸ ਨੂੰ ਬਚਾਅ ਰਿਹਾ ਹੈ। ਹੁਣ ਪੁਲਸ ਦੇ ਉੱਚ ਅਫਸਰਾਂ ਨੇ ਰੋਹਤਾਸ਼ ਦੀ ਥਾਂ ਸਬ-ਇੰਸਪੈਕਟਰ ਹਰੀ ਓਮ ਨੂੰ ਜਾਂਚ ਅਧਿਕਾਰੀ ਬਣਾਇਆ ਹੈ।
ਤਰਸੇਮ ਦੀ ਗ੍ਰਿਫ਼ਤਾਰੀ ਲਈ ਅੜਿਆ ਰਿਹਾ ਪਰਿਵਾਰ
ਅਮਨ ਦੀ ਹੱਤਿਆ ਦੇ ਮਾਮਲੇ ਵਿਚ ਪਰਿਵਾਰ ਸੋਮਵਾਰ ਨੂੰ ਤਰਸੇਮ ਦੀ ਗ੍ਰਿਫਤਾਰੀ ਲਈ ਅੜਿਆ ਰਿਹਾ। ਅਮਨ ਦਾ ਪੋਸਟਮਾਰਟਮ ਸ਼ਨੀਵਾਰ ਨੂੰ ਪੁਲਸ ਨੇ ਸੈਕਟਰ-16 ਸਥਿਤ ਜਨਰਲ ਹਸਪਤਾਲ ਵਿਚ ਕਰਵਾਇਆ। ਪੋਸਟਮਾਰਟਮ ਸਮੇਂ ਹਸਪਤਾਲ ਵਿਚ ਭਾਰੀ ਪੁਲਸ ਫੋਰਸ ਮੌਜੂਦ ਸੀ। ਸ਼ਨੀਵਾਰ ਸ਼ਾਮ ਨੂੰ ਅਮਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਂ ਗੀਤਾ ਦੇਵੀ ਨੇ ਦੋਸ਼ ਲਾਇਆ ਕਿ ਉਸ ਦੇ ਬੇਟੇ ਦੀ ਹੱਤਿਆ ਤਰਸੇਮ ਨੇ ਕੀਤੀ ਹੈ ਤੇ ਤਰਸੇਮ ਨੂੰ ਪੁਲਸ ਬਚਾਉਣਾ ਚਾਹੁੰਦੀ ਹੈ ਜੇਕਰ ਪੁਲਸ ਤਰਸੇਮ ਨੂੰ ਗ੍ਰਿਫਤਾਰ ਨਹੀਂ ਕਰੇਗੀ ਤਾਂ ਸੜਕਾਂ 'ਤੇ ਜਾਮ ਲਾਇਆ ਜਾਵੇਗਾ।


Related News