ਅਮਨ ਅਰੋੜਾ ਨੇ ਕੈਪਟਨ ਨੂੰ ਲਿੱਖੀ ਚਿੱਠੀ, ਕੀਤੀ ਵਿਸ਼ੇਸ਼ ਮੰਗ

05/29/2019 11:28:18 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ 'ਚ ਅਮਨ ਅਰੋੜਾ ਵਲੋਂ ਮੰਗ ਕੀਤੀ ਗਈ ਹੈ ਕਿ ਜਬਰ-ਜ਼ਨਾਹ ਦੇ ਦੋਸ਼ੀਆਂ ਲਈ ਪੋਸਕੋ ਐਕਟ-2012 ਤਹਿਤ ਪੰਜਾਬ 'ਚ ਫਾਂਸੀ ਦੀ ਸਜ਼ਾ ਲਾਗੂ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਦੀ ਵੀ ਮੰਗ ਕੈਪਟਨ ਅੱਗੇ ਰੱਖੀ ਹੈ ਤਾਂ ਜੋ ਭਵਿੱਖ 'ਚ ਕਿਸੇ ਵੀ ਅਪਰਾਧੀ ਅਨਸਰ ਦੀ ਅਜਿਹਾ ਘਿਣਾਉਣਾ ਅਪਰਾਧ ਕਰਨ ਦੀ ਹਿੰਮਤ ਨਾ ਪਵੇ, ਜੋ ਧੂਰੀ 'ਚ ਵਾਪਰਿਆ ਹੈ। ਪਾਰਟੀ ਹੈੱਡਕੁਆਰਟਰ ਰਾਹੀਂ ਜਾਰੀ ਚਿੱਠੀ 'ਚ ਅਮਨ ਅਰੋੜਾ ਨੇ ਧੂਰੀ (ਸੰਗਰੂਰ) ਵਿਖੇ ਇਕ 4 ਸਾਲਾ ਸਕੂਲੀ ਬੱਚੀ ਨਾਲ ਵੈਨ ਦੇ ਕੰਡਕਟਰ ਵੱਲੋਂ ਕੀਤੇ ਗਏ ਜਬਰ-ਜ਼ਨਾਹ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਸ਼ਰਮਨਾਕ ਘਟਨਾ ਨੇ ਹਰੇਕ ਦਾ ਹਿਰਦਾ ਵਲੂੰਧਰਿਆ ਹੈ ਅਤੇ ਹਰ ਕੋਈ ਸਦਮੇ 'ਚ ਹੈ।
ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਚਿੱਠੀ 'ਚ ਲਿਖਿਆ ਕਿ ਅਜਿਹੇ ਸ਼ਰਮਸਾਰ ਕਰਨ ਵਾਲੇ ਅਣਮਨੁੱਖੀ ਅਪਰਾਧਾਂ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਪੋਸਕੋ ਐਕਟ-2012 'ਚ ਤਰਮੀਮ ਕੀਤੀ ਸੀ, ਜਿਸ ਨੂੰ ਅਗਸਤ, 2018 'ਚ ਭਾਰਤੀ ਸੰਸਦ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ ਅਤੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਨੇ ਵੀ ਇਹ ਸੋਧਿਆ ਕਾਨੂੰਨ ਆਪਣੇ-ਆਪਣੇ ਸੂਬਿਆਂ 'ਚ ਲਾਗੂ ਕਰ ਲਿਆ ਹੈ। ਅਰੋੜਾ ਨੇ ਪੰਜਾਬ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਆਗਾਮੀ ਵਿਧਾਨ ਸਭਾ ਸੈਸ਼ਨ 'ਚ ਸੂਬਾ ਸਰਕਾਰ ਵੀ ਆਪਣੇ ਕਾਨੂੰਨ 'ਚ ਲੋੜੀਂਦੀ ਤਰਮੀਮ ਪਾਸ ਕਰ ਕੇ 12 ਸਾਲ ਤੋਂ ਛੋਟੀ ਉਮਰ ਦੇ ਬੱਚੀਆਂ ਨਾਲ ਜਬਰ-ਜ਼ਨਾਹ ਲਈ ਫਾਂਸੀ ਦੀ ਸਜ਼ਾ ਯਕੀਨੀ ਬਣਾਵੇ ਅਤੇ ਅਜਿਹੇ ਕੇਸਾਂ ਦੇ ਝਟਪਟ ਨਿਪਟਾਰੇ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰੇ।


Babita

Content Editor

Related News