ਠੰਡ 'ਚ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਲਈ ਦੋਆਬੇ ਦੇ ਪਿੰਡਾਂ 'ਚ ਤਿਆਰ ਹੋਈਆਂ ਅਲਸੀ ਦੀਆਂ ਪਿੰਨੀਆਂ
Friday, Dec 04, 2020 - 08:49 PM (IST)
ਜਲੰਧਰ— ਖੇਤੀ ਬਿੱਲਾਂ ਦੇ ਵਿਰੋਧ 'ਚ ਦਿੱਲੀ ਵਿਖੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਦਿੱਲੀ ਵਿਖੇ ਧਰਨਾ ਦੇਣ ਦਾ ਅੱਜ ਕਿਸਾਨਾਂ ਦਾ 9ਵਾਂ ਦਿਨ ਹੈ। ਇਕ ਪਾਸੇ ਜਿੱਥੇ ਦਿੱਲੀ ਵਿਖੇ ਕਿਸਾਨਾਂ ਨੇ ਮੋਰਚਾ ਲਾਇਆ ਹੋਇਆ ਹੈ, ਉਥੇ ਹੀ ਪੰਜਾਬ 'ਚ ਬੀਬੀਆਂ ਨੇ ਵੀ ਮੋਰਚੇ ਨੂੰ ਸਾਂਭਿਆ ਹੋਇਆ ਹੈ। ਦੋਆਬੇ ਦੇ ਪਿੰਡਾਂ 'ਚੋਂ ਬੀਬੀਆਂ ਵੱਲੋਂ ਦਿੱਲੀ ਮੋਰਚੇ 'ਚ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਵੇਖਦੇ ਹੋਏ ਦੇਸੀ ਘਿਓ ਦੀਆਂ ਪਿੰਨੀਆਂ ਤਿਆਰ ਕਰਕੇ ਭੇਜੀਆਂ ਜਾ ਰਹੀਆਂ ਹਨ। ਦਿੱਲੀ ਮੋਰਚੇ ਲਈ ਭੇਜਣ ਲਈ ਦੋਆਬੇ ਦੇ ਪਿੰਡਾਂ 'ਚੋਂ 20 ਕੁਇੰਟਲ ਦੇ ਕਰੀਬ ਪਿੰਨੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਪਿੰਨੀਆਂ 'ਚ ਦੇਸੀ ਘਿਓ, ਸੁੱਕੇ ਮੇਵੇ ਅਤੇ ਕਿਸਾਨਾਂ ਦਾ ਘਰ ਦਾ ਕੱਢਿਆ ਗੁੜ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਦੇ ਹੱਕ 'ਚ ਪ੍ਰਕਾਸ਼ ਸਿੰਘ ਬਾਦਲ ਨੇ 'ਪਦਮ ਵਿਭੂਸ਼ਣ' ਵਾਪਸ ਕਰਨ ਦਾ ਕੀਤਾ ਐਲਾਨ
ਦੱਸਣਯੋਗ ਹੈ ਕਿ ਦੋਆਬੇ ਦੇ ਨਾਮਵਰ ਪਿੰਡ ਜਗਤਪੁਰ ਜੱਟਾਂ 'ਚ 15 ਕੁਇੰਟਲ, ਪਿੰਡ ਨੌਲੀ 'ਚ 5 ਕੁਇੰਟਲ, ਤਲਵੰਡੀ ਮਾਧੋ 'ਚ 3 ਕੁਇੰਟਲ ਅਤੇ ਪਿੰਡ ਸੋਹਲ ਖਾਲਸਾ 'ਚ 2 ਕੁਇੰਟਲ ਦੇ ਕਰੀਬ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਹਨ। ਪਿੰਡ ਨੌਲੀ ਦੇ ਗੁਰਦੁਆਰਾ ਹਰਿ ਹਰੀ ਜਾਪ ਸਾਹਿਬ ਦੇ ਸੇਵਾਦਾਰ ਸਾਬਕਾ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ 'ਚੋਂ ਵੱਡੇ ਪੱਧਰ 'ਤੇ ਰਸਦਾਂ ਦਿੱਲੀ ਮੋਰਚੇ ਲਈ ਜਾ ਰਹੀਆਂ ਹਨ। ਸੰਗਤ ਵੱਲੋਂ 5 ਕੁਇੰਟਲ ਦੇ ਕਰੀਬ ਅਲਸੀ ਦੀਆਂ ਪਿੰਨੀਆਂ ਬਣਾਈਆਂ ਗਈਆਂ ਹਨ। ਦੋ ਗੱਡੀਆਂ 'ਚ ਇਹ ਸਿੰਘੂ ਬਾਰਡਰ 'ਤੇ ਪਹੁੰਚਾਈਆਂ ਜਾਣਗੀਆਂ। ਗੁਰਦੁਆਰੇ 'ਚ ਬੈਠੀਆਂ ਬੀਬੀਆਂ ਸ਼ਬਦਾਂ ਦਾ ਜਾਪ ਕਰਦੇ ਹੋਏ ਇਹ ਪਿੰਨੀਆਂ ਬਣਾਉਣ ਦੀ ਸੇਵਾ ਨਿਭਾਅ ਰਹੀਆਂ ਹਨ।
ਇਹ ਵੀ ਪੜ੍ਹੋ: ਵੱਡੇ ਬਾਦਲ ਤੋਂ ਬਾਅਦ ਹੁਣ 'ਢੀਂਡਸਾ' ਵੱਲੋਂ ਵੀ ਪਦਮ ਭੂਸ਼ਣ ਵਾਪਸ ਕਰਨ ਦਾ ਐਲਾਨ
ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਗਲਤ ਪਾਸ ਕੀਤੇ ਗਏ ਹਨ। ਇਸੇ ਕਰਕੇ ਹੀ ਕਿਸਾਨ ਉਨ੍ਹਾਂ ਦੇ ਵਿਰੋਧ 'ਚ ਉਥੇ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਮਜ਼ਬੂਤ ਮਹਿਸੂਸ ਕਰਨ, ਇਸੇ ਲਈ ਅਸੀਂ ਪਿੰਨੀਆਂ ਭੇਜ ਰਹੇ ਹਾਂ। ਅਸੀਂ ਸਵੇਰੇ 3 ਵਜੇ ਤੋਂ ਇਥੇ ਬੈਠੇ ਹਾਂ। ਤੜਕੇ ਸਵੇਰੇ ਪਿੰਡ ਦੇ 20 ਆਦਮੀ 5 ਕੁਇੰਟਲ ਪਿੰਨੀਆਂ ਲੈ ਕੇ ਰਵਾਨਾ ਹੋਣਗੇ, ਜੋਕਿ ਉਥੇ ਕਿਸਾਨਾਂ ਨੂੰ ਵੰਡੀਆਂ ਜਾਣਗੀਆਂ।
ਪ੍ਰਵਾਸੀ ਪੰਜਾਬੀਆਂ ਨੇ ਵੀ ਕੀਤੀ ਮਦਦ
ਪਿੰਨੀਆਂ ਬਣਾਉਣ ਲਈ ਉਚੇਚੇ ਤੌਰ 'ਤੇ ਹਲਵਾਈ ਸੱਦੇ ਗਏ ਸਨ ਅਤੇ ਪਿੰਨੀਆਂ ਵੱਟਣ ਲਈ ਬੀਬੀਆਂ ਨੇ ਦਿਲੋਂ ਸੇਵਾ ਕੀਤੀ ਹੈ। ਪਿੰਡ ਤਲਵੰਡੀ ਮਾਧੋ ਤੋਂ ਨੌਜਵਾਨ ਕਿਸਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਅਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਦੋ ਲੱਖ ਤੋਂ ਵੱਧ ਰਕਮ ਇਕੱਠੀ ਹੋ ਗਈ ਹੈ ਅਤੇ ਪਿੰਨੀਆਂ ਬਣਾਉਣ ਲਈ ਸਾਮਾਨ ਲਿਆਂਦਾ ਗਿਆ ਹੈ।
ਉਚੇਚੇ ਤੌਰ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਗੁੜ ਲਿਆਂਦਾ ਹੈ। ਇਸੇ ਤਰ੍ਹਾਂ ਪਿੰਡ ਸੋਹਲ ਖਾਲਸਾ ਵਿੱਚ ਵੀ ਦੋ ਕੁਇੰਟਲ ਦੇ ਕਰੀਬ ਪਿੰਨੀਆਂ ਬਣਾਈਆਂ ਜਾ ਰਹੀਆਂ ਹਨ। ਜਗਤਪੁਰ ਜੱਟਾਂ ਤੋਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ 'ਚੋਂ 15 ਕੁਇੰਟਲ ਪਿੰਨੀਆਂ ਬਣਾ ਕੇ ਦਿੱਲੀ ਲਈ ਰਵਾਨਾ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੇਵਾ 'ਚ ਵਿਦੇਸ਼ਾਂ 'ਚ ਪੰਜਾਬੀਆਂ ਅਤੇ ਪਿੰਡ ਦੇ ਲੋਕਾਂ ਨੇ ਸਾਂਝੇ ਤੌਰ 'ਤੇ ਹਿੱਸਾ ਪਾਇਆ।
ਇਹ ਵੀ ਪੜ੍ਹੋ: ਵੱਡੇ ਬਾਦਲ ਵੱਲੋਂ 'ਪਦਮ ਵਿਭੂਸ਼ਣ' ਵਾਪਸ ਕਰਨ ਨੂੰ ਮੰਤਰੀ ਰੰਧਾਵਾ ਨੇ ਦੱਸਿਆ ਸਿਰਫ਼ ਇਕ ਡਰਾਮਾ
ਪਿੰਡ ਦੀ ਵਸਨੀਕ ਕਮਲਜੀਤ ਕੌਰ (50) ਨੇ ਦੱਸਿਆ ਕਿ ਸਾਡਾ ਕੀ ਫਾਇਦਾ ਜੇ ਸਾਡੇ ਕਿਸਾਨ ਹੀ ਭੁੱਖੇ ਰਹਿ ਜਾਣ। ਠੰਡ 'ਚ ਉਹ ਸਾਡੇ ਵਾਸਤੇ ਹੀ ਉਥੇ ਡਟੇ ਹਨ। ਅਸੀਂ ਚਾਹੁੰਦੇ ਹਾਂ ਕਿ ਚਾਹੁੰਦੇ ਹਾਂ ਕਿ ਉਹ ਭੁੱਖੇ ਨਾ ਰਹਿਣ। ਠੰਡੇ 'ਚ ਸਾਡੇ ਲਈ ਡਟੇ ਕਿਸਾਨਾਂ ਲਈ ਅਸੀਂ ਪਿੰਨੀਆਂ ਬਣਾ ਕੇ ਭੇਜ ਰਹੇ ਹਾਂ, ਜਿਸ ਨਾਲ ਕਿਸਾਨ ਦੇ ਹੌਂਸਲੇ ਹੋਰ ਮਜ਼ਬੂਤ ਹੋਣਗੇ।
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ
ਇਹ ਵੀ ਪੜ੍ਹੋ: ਭਾਰਤੀ ਫ਼ੌਜ 'ਚ ਭਰਤੀ ਹੋਣ ਵਾਲਿਆਂ ਲਈ ਖ਼ੁਸ਼ਖ਼ਬਰੀ, 4 ਜਨਵਰੀ ਤੋਂ ਜਲੰਧਰ ਕੈਂਟ 'ਚ ਭਰਤੀ ਰੈਲੀ ਸ਼ੁਰੂ
ਨੋਟ: ਧਰਨਾ ਦੇ ਰਹੇ ਕਿਸਾਨਾਂ ਲਈ ਪਿੰਡਾਂ ਦੀ ਸੰਗਤ ਵੱਲੋਂ ਤਿਆਰ ਕੀਤੇ ਜਾ ਰਹੇ ਰਸਦ-ਪਾਣੀ ਦੀ ਮਹੱਤਤਾ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ