ਪੰਜਾਬ ਕਾਂਗਰਸ ਦੀਆਂ ਸਾਰੀਆਂ ਇਕਾਈਆਂ ਭੰਗ, ਨਵੇਂ ਚਿਹਰਿਆਂ ਨੂੰ ਕਮਾਨ ਮਿਲਣ ਦੀ ਉਮੀਦ

01/21/2020 9:30:27 PM

ਫਿਰੋਜ਼ਪੁਰ,(ਮਲਹੋਤਰਾ)- ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਪ੍ਰਦੇਸ਼ ਦੀਆਂ ਸਾਰੀਆਂ ਸਟੇਟ ਅਤੇ ਜ਼ਿਲਾ ਇਕਾਈਆਂ ਭੰਗ ਕੀਤੇ ਜਾਣ ਤੋਂ ਬਾਅਦ ਪ੍ਰਦੇਸ਼ ਅਤੇ ਜ਼ਿਲਾ ਕਾਰਜਕਾਰਨੀਆਂ ਦੀਆਂ ਪ੍ਰਧਾਨਗੀਆਂ ਲੈਣ ਨੂੰ ਲੈ ਕੇ ਪਾਰਟੀ ਦੇ ਹਰ ਆਗੂ ਵਿਚ ਦੌੜ ਸ਼ੁਰੂ ਹੋ ਗਈ ਹੈ। ਪਾਰਟੀ ਦੇ ਆਲ ਇੰਡੀਆ ਜਨਰਲ ਸਕੱਤਰ ਕੇ. ਸੀ. ਵੈਨੂਗੋਪਾਲ ਵੱਲੋਂ ਮੰਗਲਵਾਰ ਦੇਰ ਸ਼ਾਮ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ 'ਚ ਜਿੱਥੇ ਪ੍ਰਦੇਸ਼ ਅਤੇ ਸਾਰੀਆਂ ਜ਼ਿਲਾ ਇਕਾਈਆਂ ਨੂੰ ਭੰਗ ਕਰ ਦਿੱਤਾ ਗਿਆ ਹੈ। ਉਥੇ ਨਵੀਆਂ ਨਿਯੁਕਤੀਆਂ ਹੋਣ ਤੱਕ ਪੰਜਾਬ ਕਾਂਗਰਸ ਦੀ ਵਾਗਡੋਰ ਕੋਆਰਡੀਨੇਸ਼ਨ ਕਮੇਟੀ ਦੇ ਹੱਥ ਸੌਂਪ ਦਿੱਤੀ ਗਈ ਹੈ, ਜਿਸ ਵਿਚ ਆਸ਼ਾ ਕੁਮਾਰੀ ਚੇਅਰਪਰਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਪ੍ਰਧਾਨ ਸੁਨੀਲ ਕੁਮਾਰ ਜਾਖੜ, ਅੰਬਿਕਾ ਸੋਨੀ, ਮੰਤਰੀਆਂ ਚਰਨਜੀਤ ਸਿੰਘ ਚੰਨੀ, ਸੁੰਦਰ ਸ਼ਾਮ ਅਰੋੜਾ, ਸੁਖਜਿੰਦਰ ਸਿੰਘ ਸਰਕਾਰੀਆ, ਵਿਜੈ ਇੰਦਰ ਸਿੰਗਲਾ, ਵਿਧਾਇਕਾਂ ਕੁਲਜੀਤ ਨਾਗਰਾ, ਗੁਰਕੀਰਤ ਕੋਹਲੀ ਅਤੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ ਹੈ। ਇਕ ਪਾਸੇ ਜਿੱਥੇ ਭਾਜਪਾ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਸੂਬਾ ਪ੍ਰਧਾਨ ਦੀ ਘੋਸ਼ਣਾ ਕਰਨ ਤੋਂ ਬਾਅਦ ਵਿਧਾਨਸਭਾ ਚੋਣਾਂ 2022 ਦਾ ਮਿਸ਼ਨ ਆਰੰਭ ਕਰ ਦਿੱਤਾ ਗਿਆ ਹੈ, ਉਥੇ ਕਾਂਗਰਸ ਦੇ ਇਸ ਕਦਮ ਨੂੰ ਭਾਜਪਾ ਦੇ ਜਵਾਬ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਵੀ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਨੂੰ ਫੋਕਸ ਕਰਕੇ ਸੂਬੇ ਅਤੇ ਜ਼ਿਲਿਆਂ ਵਿਚ ਨਵੇਂ ਚਿਹਰਿਆਂ ਨੂੰ ਕਮਾਨ ਸੌਂਪਣ ਦੀ ਤਿਆਰੀ ਵਿਚ ਹੈ।


Related News