ਐਲਾਨੇ ਸਾਰੇ ਪ੍ਰਾਜੈਕਟ ਦਸੰਬਰ 2021 ਤਕ ਕੀਤੇ ਜਾਣ ਪੂਰੇ : ਕੈਪਟਨ
Thursday, May 06, 2021 - 12:50 AM (IST)
ਚੰਡੀਗੜ੍ਹ, (ਅਸ਼ਵਨੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਨੂੰ ਚੱਲ ਰਹੇ ਸਾਰੇ ਪ੍ਰਾਜੈਕਟਾਂ ਦੇ ਕੰਮਾਂ ਵਿਚ ਤੇਜ਼ੀ ਲਿਆਉਣ ਅਤੇ ਬਜਟ ਸੈਸ਼ਨ ਦੌਰਾਨ ਐਲਾਨੇ ਗਏ ਸਾਰੇ ਪ੍ਰਾਜੈਕਟ ਸ਼ੁਰੂ ਕਰ ਕੇ ਦਸੰਬਰ, 2021 ਤਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਇਸ ਦੇ ਨਾਲ ਹੀ ਕੋਵਿਡ ਦੇ ਸੰਕਟ ਨਾਲ ਪਏ ਵਿੱਤੀ ਬੋਝ ਦੇ ਮੱਦੇਨਜ਼ਰ ਇਨ੍ਹਾਂ ਪ੍ਰਾਜੈਕਟਾਂ ਦੀਆਂ ਤਰਜੀਹਾਂ ਦਾ ਵੀ ਖਿਆਲ ਰੱਖਣ ਲਈ ਕਿਹਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਹਲਵਾਰਾ ਹਵਾਈ ਅੱਡੇ ਦੀ ਪ੍ਰੀ-ਫੈਬ ਬਿਲਡਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਲਈ ਕਿਹਾ ਤਾਂ ਜੋ ਇਸ ਨੂੰ ਜਲਦੀ ਕਾਰਜਸ਼ੀਲ ਕੀਤਾ ਜਾ ਸਕੇ। ਉਨ੍ਹਾਂ ਵਿਭਾਗ ਨੂੰ ਰਿਆਇਤੀ ਭਾੜੇ ਸਬੰਧੀ ਮਾਮਲੇ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਸਮਰਪਿਤ ਮਾਲ ਰੇਲ ਲਾਂਘੇ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾ ਸਕੇ।
ਇਹ ਵੀ ਪੜ੍ਹੋ- ਲਾਕਡਾਊਨ ਸਮੱਸਿਆ ਦਾ ਕੋਈ ਹੱਲ ਨਹੀਂ, 8 ਮਈ ਨੂੰ ਖ਼ੋਲਾਂਗੇ ਸਾਰੇ ਬਾਜ਼ਾਰ : ਸੰਯੁਕਤ ਕਿਸਾਨ ਮੋਰਚਾ
ਮੁੱਖ ਮੰਤਰੀ ਵਲੋਂ ਕੰਮਾਂ ਦੀ ਸਮੀਖਿਆ ਦਾ ਮਕਸਦ ਸੂਬਾ ਸਰਕਾਰ ਦੀ ਸਾਲ 2017-22 ਲਈ 5 ਸਾਲਾ ਕਾਰਜ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣਾ ਸੀ ਜੋ ਦਿਹਾਤੀ ਲਿੰਕ ਸੜਕਾਂ ਨੂੰ ਚੌੜਾ ਕਰਨ, ਸਾਰੇ ਜ਼ਿਲਾ ਹੈੱਡਕੁਆਰਟਰਾਂ ਨੂੰ ਤੇਜ਼ ਰਫ਼ਤਾਰੀ 4/6 ਮਾਰਗੀ ਸੜਕਾਂ ਨਾਲ ਜੋੜਨ ਅਤੇ ਹਾਈ ਸਪੀਡ ਆਰਥਿਕ ਲਾਂਘਾ ਉਸਾਰਨ ’ਤੇ ਕੇਂਦਰਿਤ ਸੀ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ, ਜਿਥੇ ਵਿਭਾਗ ਵਲੋਂ ਇਨ੍ਹਾਂ ਪ੍ਰਾਜੈਕਟਾਂ ਨੂੰ 28 ਫਰਵਰੀ, 2022 ਤਕ ਮੁਕੰਮਲ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ।
ਹਾਈਸਪੀਡ ਕਾਰੀਡੋਰ ਲਈ ਹਾਈਵੇ ਅਥਾਰਟੀ ਨਾਲ ਸਾਂਝੇਦਾਰੀ
ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਮੀਟਿੰਗ ਵਿਚ ਦੱਸਿਆ ਕਿ ਹਾਈ ਸਪੀਡ ਇਕਨਾਮਿਕ ਕਾਰੀਡੋਰ ਦੇ ਨਿਰਮਾਣ ਲਈ ਸੂਬਾ ਸਰਕਾਰ ਨੇ ਐਕਸਪ੍ਰੈੱਸ ਵੇਅ, ਗ੍ਰੀਨਫੀਲਡ ਕਾਰੀਡੋਰ ਅਤੇ ਬਾਈਪਾਸਾਂ ਦਾ ਕੰਮ ਸ਼ੁਰੂ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨ.ਐੱਚ.ਏ.ਆਈ.) ਨਾਲ ਮਿਲ ਕੇ ਸਾਂਝੇਦਾਰੀ ਕੀਤੀ ਹੈ। ਇਨ੍ਹਾਂ ਵਿਚ ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ ਅੰਮ੍ਰਿਤਸਰ (396 ਕਿਲੋਮੀਟਰ), ਲੁਧਿਆਣਾ-ਰੂਪਨਗਰ/ਖਰੜ ਸੰਪਰਕ (113 ਕਿਲੋਮੀਟਰ), ਲੁਧਿਆਣਾ ਬਾਈਪਾਸ (75.50 ਕਿਲੋਮੀਟਰ), ਜਲੰਧਰ ਬਾਈਪਾਸ (47.50 ਕਿਲੋਮੀਟਰ), ਕੁਰਾਲੀ-ਚੰਡੀਗੜ੍ਹ ਰੋਡ ਤੋਂ ਆਈ.ਟੀ. ਚੌਕ, ਮੋਹਾਲੀ (30 ਕਿਲੋਮੀਟਰ), ਅੰਮ੍ਰਿਤਸਰ-ਬਠਿੰਡਾ-ਜਾਮਨਗਰ ਇਕਨਾਮਿਕ ਕਾਰੀਡੋਰ ਸੈਕਸ਼ਨ ਅੰਮ੍ਰਿਤਸਰ-ਬਠਿੰਡਾ (155 ਕਿਲੋਮੀਟਰ), ਲੁਧਿਆਣਾ-ਬਠਿੰਡਾ ਇਕਨਾਮਿਕ ਕਾਰੀਡੋਰ (79 ਕਿਲੋਮੀਟਰ), ਬਨੂੜ ਤੱਕ ਜ਼ੀਰਕਪੁਰ-ਅੰਬਾਲਾ ਐਕਸਪ੍ਰੈਸ ਵੇਅ (42 ਕਿਲੋਮੀਟਰ), ਉਤਰੀ ਬਾਈਪਾਸ ਪਟਿਆਲਾ (27 ਕਿਲੋਮੀਟਰ) ਅਤੇ ਮੋਹਾਲੀ- ਸਰਹਿੰਦ ਨੂੰ ਜੋੜਨ ਵਾਲੀ (28 ਕਿਲੋਮੀਟਰ) ਦੀ ਸੜਕ ਸ਼ਾਮਲ ਹੈ।
ਇਹ ਵੀ ਪੜ੍ਹੋ- ਸਰਕਾਰ ਵੱਲੋਂ ਕਿਸੇ ਵੀ ਧਰਨੇ ਅੰਦਰ ਕੋਈ ਸਿਹਤ ਸਹੂਲਤ ਨਹੀਂ ਦਿੱਤੀ ਗਈ : ਜੋਗਿੰਦਰ ਸਿੰਘ ਉਗਰਾਹਾਂ
ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਵਿੱਤ ਕੇ.ਈ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਕਾਸ ਪ੍ਰਤਾਪ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਸਾਰੇ ਚੀਫ਼ ਇੰਜੀਨੀਅਰਾਂ ਨੇ ਸ਼ਮੂਲੀਅਤ ਕੀਤੀ।