ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਸਵੀਕਾਰ ਕਰਨ ਸਾਰੇ ਆਗੂ : ਡਾ. ਅਸ਼ਵਨੀ ਕੁਮਾਰ
Sunday, Jul 18, 2021 - 08:11 PM (IST)
ਗੁਰਦਾਸਪੁਰ(ਹਰਮਨ)- ਪੰਜਾਬ ’ਚ ਕਾਂਗਰਸ ਦੇ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਚਲ ਰਹੇ ਕਾਟੋ ਕਲੇਸ਼ ਅਤੇ ਸੀਨੀਅਰ ਆਗੂਆਂ ਦੀ ਉਭਰ ਰਹੀ ਧੜੇਬੰਦੀ ਦੇ ਦੌਰ ’ਚ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਡਾ. ਅਸ਼ਵਨੀ ਕੁਮਾਰ ਨੇ ਕਿਹਾ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ’ਚ ਕਾਂਗਰਸ ਪ੍ਰਧਾਨ ਨਿਯੁਕਤ ਕਰਨ ਦਾ ਕੀਤਾ ਗਿਆ ਫੈਸਲਾ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵੱਡੇ-ਵੱਡੇ ਪੰਡਿਤਾਂ ਨੂੰ ਮਾਤ ਪਾਉਂਦੈ ਗੋਰਾਇਆ ਦਾ ਇਹ 7 ਸਾਲ ਦਾ ਬੱਚਾ, ਮੰਤਰ ਸੁਣ ਹੋ ਜਾਵੋਗੇ ‘ਮੰਤਰ ਮੁਗਧ’
ਉਨ੍ਹਾਂ ਕਿਹਾ ਕਿ ਹੁਣ ਪਾਰਟੀ ਨੂੰ ਹੋਰ ਉਚਾਈ ’ਤੇ ਲਿਜਾਣ ਲਈ ਸਾਰੇ ਆਗੂਆਂ ਦੇ ਇਕਜੁੱਟ ਹੋਣ ਦਾ ਸਮਾਂ ਹੈ ਅਤੇ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਹਾਈਕਮਾਨ ਦੇ ਫੈਸਲੇ ਨੂੰ ਸਤਿਕਾਰਤ ਢੰਗ ਨਾਲ ਸਵੀਕਾਰ ਕਰਨ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੂੰ ਕਿਸੇ ਦੇ ਵਿਰੋਧ ਜਾਂ ਵਿਤਕਰੇ ਦੇ ਰੂਪ ਵਿਚ ਨਾ ਦੇਖਿਆ ਜਾਵੇ ਅਤੇ ਸਾਰੇ ਹੀ ਆਗੂਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਆਪਸੀ ਮੇਲ-ਮਿਲਾਪ ਹੀ ਤਰੱਕੀ ਦੇ ਰਸਤੇ ਖੋਲ੍ਹਦਾ ਹੈ।
ਇਹ ਵੀ ਪੜ੍ਹੋ- ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ 10 ਵਿਧਾਇਕਾਂ ਦਾ ਬਿਆਨ, ਹਾਈਕਮਾਨ ਅੱਗੇ ਰੱਖੀ ਇਹ ਮੰਗ
ਡਾ. ਕੁਮਾਰ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਨਵੇਂ ਬਣਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਆਪਸ ਵਿਚ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਇਸ ਮਕਸਦ ਦੀ ਪੂਰਤੀ ਲਈ ਦੋਵਾਂ ਧਿਰਾਂ ਨੂੰ ਫਰਾਖਦਿਲੀ ਦਿਖਾਉਂਦੇ ਹੋਏ ਹਾਈਕਮਾਨ ਦੇ ਫੈਸਲਿਆਂ ਦਾ ਸਵਾਗਤ ਕਰਨਾ ਚਾਹੀਦਾ ਹੈ। ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਦੋਵਾਂ ਧਿਰਾਂ ’ਚੋਂ ਕੋਈ ਵੀ ਇਹ ਨਾ ਸਮਝੇ ਕਿ ਉਸ ਦਾ ਨੁਕਸਾਨ ਹੋਇਆ ਹੈ। ਕਈ ਵਾਰ ਗੁੰਝਲਦਾਰ ਸਿਆਸੀ ਸਥਿਤੀਆਂ ਵਿਚ ਉਲਝੇ ਮਸਲਿਆਂ ਦੇ ਸੰਪੂਰਨ ਹੱਲ ਅਸੰਭਵ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਪਾਰਟੀ ਵਿਚ ਵੱਡੇ ਪੱਧਰ ’ਤੇ ਜੋ ਆਗੂ ਚੁੱਪ ਹਨ, ਉਹ ਸਾਰੇ ਪਾਰਟੀ ਦੀ ਏਕਤਾ ਦੇ ਹੱਕ ਵਿਚ ਹਨ, ਇਸ ਲਈ ਅਜਿਹੇ ਚੁੱਪ ਬਹੁਮਤ ਦੀ ਆਵਾਜ਼ ਵੱਲ ਵੀ ਧਿਆਨ ਦੇਣ ਦੀ ਲੋੜ ਹੈ।